ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਪ੍ਰਤੀਸ਼ਤ ਤੱਕ ਸਬਸਿਡੀ ਉਪਲਬੱਧ
ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਪ੍ਰਤੀਸ਼ਤ ਤੱਕ ਸਬਸਿਡੀ ਉਪਲਬੱਧ
ਪਸ਼ੂ ਧਾਰਕ ਮੱਝਾਂ ਤੇ ਗਾਵਾਂ ਦਾ ਬੀਮਾ ਕਰਵਾਉਣ
ਫਾਜ਼ਿਲਕਾ, 20 ਜੂਨ
ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਮੂੰਹ ਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇਂ ਕਿ ਇਨ੍ਹਾਂ ਬਿਮਾਰੀਆਂ ਦੇ ਰੋਕਥਾਮ ਲਈ ਸਰਕਾਰ ਵੱਲੋਂ ਪਸ਼ੂਆਂ ਦਾ ਸਮੇਂ ਸਮੇਂ 'ਤੇ ਟੀਕਾਕਰਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਰਕਾਰ ਵੱਲੋਂ ਪਸ਼ੂ-ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਰਣਦੀਪ ਸਿੰਘ ਹਾਂਡਾ ਨੇ ਦੱਸਿਆ ਕਿ ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਰਾਸ਼ਟਰੀ ਪਸ਼ੂ-ਧਨ ਮਿਸ਼ਨ ਸਕੀਮਅਧੀਨ ਪਸੂਆਂ (ਮੱਝਾਂ ਅਤੇ ਗਾਵਾਂ) ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਫਾਰਮਰ ਇੱਕ ਤੋਂ ਪੰਜ ਪਸੂਆਂ ਦਾ ਬੀਮਾਂ ਕਰਵਾ ਸਕਦਾ ਹੈ। ਇਸ ਸਕੀਮ ਤਹਿਤ ਪ੍ਰਤੀ ਪਸ਼ੂ ਦੀ ਕੀਮਤ 70 ਹਜਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ । ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਸਾਲ ਦਾ ਬੀਮਾ ਐਸ.ਸੀ ਅਤੇ ਐਸ.ਟੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ ਵਿੱਚ, ਦੋ ਸਾਲ ਦਾ ਬੀਮਾਂ 1260 ਅਤੇ ਤਿੰਨ ਸਾਲਾਂ ਲਈ 1680 ਰੁਪਏ ਪ੍ਰਤੀ ਔਫ ਪਸੂ ਅਦਾ ਕਰਕੇ ਕਰਵਾ ਸਕਦੇ ਹਨ ।
ਇਸ ਤਰ੍ਹਾਂ ਜਨਰਲ ਲਾਭਪਾਤਰੀ ਆਪਣੇ ਪਸ਼ੂਆਂ ਦਾ 1120 ਰੁਪਏ, ਦੋ ਸਾਲ ਦਾ ਬੀਮਾਂ 2100 ਅਤੇ ਤਿੰਨ ਸਾਲਾਂ ਲਈ 2800 ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਪਸ਼ੂਆਂ ਦਾ ਬੀਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੇਅਰੀ ਕਰਜ਼ਾ ਲਿਆ ਹੈ ਜਾਂ ਨਹੀਂ ਲਿਆ ਹੈ, ਕਿਸਾਨ ਕ੍ਰੈਡਿਟ ਕਾਰਡ (ਕੇ ਸੀ ਸੀ) ਸਕੀਮ ਲਈ ਹੈ ਜਾਂ ਨਹੀਂ ਲਈ ਹੈ, ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਵੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਦੁੱਧ ਉਤਪਾਦਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਡੀ.ਸੀ. ਕੰਪਲੈਕਸ ਵਿਖੇ ਸਥਿਤ ਐਸ.ਐਸ.ਪੀ. ਬਲਾਕ, ਚੌਥੀ ਮੰਜਲ, ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਅਤੇ ਮੋਬਾਈਲ ਨੰਬਰ 78272 60001 ਤੇ 98149 95616 ਨਾਲ ਸੰਪਰਕ ਕੀਤਾ ਸਕਦਾ ਹੈ।