Hindi

ਪਿੰਡ ਮੋਟੇਮਾਜਰਾ ਨੇੜੇ ਕੌਮੀ ਮਾਰਗ ਦੀ ਉਸਾਰੀ ਕਾਰਨ ਬਰਸਾਤੀ ਪਾਣੀ ਦੇ ਵਹਾਅ ਵਿਚਲਾ ਅੜਿੱਕਾ ਫੌਰੀ ਹਟਾਇਆ ਜਾਵੇ

ਪਿੰਡ ਮੋਟੇਮਾਜਰਾ ਨੇੜੇ ਕੌਮੀ ਮਾਰਗ ਦੀ ਉਸਾਰੀ ਕਾਰਨ ਬਰਸਾਤੀ ਪਾਣੀ ਦੇ ਵਹਾਅ ਵਿਚਲਾ ਅੜਿੱਕਾ ਫੌਰੀ ਹਟਾਇਆ ਜਾਵੇ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪਿੰਡ ਮੋਟੇਮਾਜਰਾ ਨੇੜੇ ਕੌਮੀ ਮਾਰਗ ਦੀ ਉਸਾਰੀ ਕਾਰਨ ਬਰਸਾਤੀ ਪਾਣੀ ਦੇ ਵਹਾਅ ਵਿਚਲਾ ਅੜਿੱਕਾ ਫੌਰੀ ਹਟਾਇਆ ਜਾਵੇ: ਡਿਪਟੀ ਕਮਿਸ਼ਨਰ

ਬਨੂੜ ਡਰੇਨ ਦੀ ਪੁਲੀ ਹੇਠਲੀ ਸਫ਼ਾਈ ਦੋ ਦਿਨਾਂ ਚ ਕਰਵਾਉਣ ਲਈ ਆਖਿਆ

ਪ੍ਰਾਈਵੇਟ ਕੌਲੋਨਾਈਜ਼ਰ ਵੱਲੋਂ ਪਾਣੀ ਦੇ ਵਹਾਅ ਵਿੱਚ ਲਾਇਆ ਅੜਿੱਕਾ ਵੀ ਫੌਰੀ ਹਟਾਉਣ ਦੇ ਨਿਰਦੇਸ਼

ਬਨੂੜ/ ਐੱਸ.ਏ.ਐੱਸ. ਨਗਰ, 03 ਜੁਲਾਈ :

ਜ਼ਿਲ੍ਹੇ ਵਿੱਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਲਾਂਡਰਾਂ-ਬਨੂੜ ਸੜਕ 'ਤੇ ਪਿੰਡ ਮੋਟੇਮਾਜਰਾ ਕੋਲ ਕੌਮੀ ਮਾਰਗ ਅਥਾਰਟੀ ਵੱਲੋਂ ਬਣਾਈ ਜਾ ਰਹੀ ਪੁਲੀ ਦੇ ਚੱਲ ਰਹੇ ਕੰਮ ਦੌਰਾਨ ਬਰਸਾਤੀ ਪਾਣੀ ਦੀ ਕ੍ਰਾਸਿੰਗ ਵਿੱਚ ਲੱਗਦੇ ਅੜਿੱਕੇ ਨਾਲ ਪੈਦਾ ਹੁੰਦੀ ਮੁਸ਼ਕਲ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕੌਮੀ ਮਾਰਗ ਅਥਾਰਟੀ ਤੇ ਡਰੇਨਜ਼ ਮਹਿਕਮੇ ਦੇ ਅਧਿਕਾਰੀਆਂ ਨੂੰ ਇਹ ਮੁਸ਼ਕਲ ਫੌਰੀ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਵੀ ਮੌਜੂਦ ਸਨ।
    ਇਸ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਨੇ ਇਸੇ ਸੜਕ 'ਤੇ ਪੈਂਦੀ ਬਨੂੜ ਡਰੇਨ ਦੀ ਸਫ਼ਾਈ ਦਾ ਜਾਇਜ਼ਾ ਵੀ ਲਿਆ ਤੇ ਇਹ ਕੰਮ ਫੌਰੀ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਡ੍ਰੇਨ ਦੀ ਪੁਲੀ ਨੇੜੇ ਦਾ ਏਰੀਆ ਜੋ ਕਿ ਬੂਟੀ ਨਾਲ ਭਰਿਆ ਹੋਇਆ ਹੈ, ਨੂੰ ਤੁਰੰਤ ਸਾਫ਼ ਕਰਕੇ ਪਾਣੀ ਦੇ ਲੰਘਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਇਸ ਕੰਮ ਨੂੰ ਦੋ ਦਿਨ ਵਿੱਚ ਮੁਕੰਮਲ ਕਰਨ ਲਈ ਆਖਿਆ।
      ਡਿਪਟੀ ਕਮਿਸ਼ਨਰ ਨੇ ਬਨੂੜ- ਰਾਜਪੁਰਾ ਰੋਡ 'ਤੇ  ਇੱਕ ਪ੍ਰਾਈਵੇਟ ਕੌਲੋਨਾਈਜ਼ਰ ਵੱਲੋਂ ਪਾਣੀ ਦੇ ਕੁਦਰਤੀ ਵਹਾਅ ਵਿੱਚ ਲਾਏ ਅੜਿੱਕੇ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਕੌਲੋਨਾਈਜ਼ਰ ਵੱਲੋਂ ਬਰਸਾਤੀ ਚੋਅ ਵਿੱਚ ਲਾਇਆ ਅੜਿੱਕਾ ਫੌਰੀ ਹਟਾਉਣ ਲਈ ਕਿਹਾ। ਇਸ ਕੌਲੋਨਾਈਜ਼ਰ ਵੱਲੋਂ ਚੋਅ ਵਿੱਚ ਪਾਈਪਾਂ ਪਾ ਕੇ ਉਸ ਉੱਪਰ ਫ਼ਰਸ਼ ਕੰਕਰੀਟ ਦਾ ਲੈਂਟਰ ਪਾਇਆ ਹੋਇਆ ਹੈ।
     ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਨੂੜ ਦੇ ਬਜ਼ਾਰ ਦੇ ਦੁਕਾਨਦਾਰਾਂ ਦੀਆਂ ਦਿੱਕਤਾਂ ਵੀ ਸੁਣੀਆਂ ਜਿਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹਨਾਂ ਨੂੰ ਦਿੱਕਤਾਂ ਦਰਪੇਸ਼ ਹਨ। ਉਹਨਾਂ ਦੱਸਿਆ ਕਿ ਭਾਵੇਂ ਨਗਰ ਕੌਂਸਲ ਵਲੋਂ ਪੰਪ ਨਾਲ ਪਾਣੀ ਕੱਢ ਦਿੱਤਾ ਜਾਂਦਾ ਹੈ ਪਰ ਇਸ ਮੁਸ਼ਕਲ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮੁਸ਼ਕਲ ਦੇ ਹੱਲ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਕਹਿ ਕੇ ਸਰਵਿਸ ਲੇਨ ਨਾਲ ਬਣਾਏ ਨਿਕਾਸੀ ਨਾਲੇ ਦੀ ਸਫ਼ਾਈ ਤੇ ਹੋਰ ਡੂੰਘਾਈ ਕਰਵਾਈ ਜਾਵੇਗੀ।
    ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ
ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
     ਇਸ ਮੌਕੇ ਉਨ੍ਹਾਂ ਨੇ ਕਾਰਜ ਸਾਧਕ ਅਫਸਰ ਬਨੂੜ ਵਰਿੰਦਰ ਜੈਨ ਸਮੇਤ ਨੂੰ ਬਨੂੜ ਐਮ ਸੀ ਏਰੀਆ ਚ ਲੋਕਾਂ ਨੂੰ ਬਰਸਾਤ ਦੌਰਾਨ ਪਾਣੀ ਖੜ੍ਹਨ ਦੀ ਮੁਸ਼ਕਿਲ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ।

 

 


Comment As:

Comment (0)