ਹਲਕਾ ਮੋਗਾ ਸਵੀਪ ਟੀਮ ਦੁਆਰਾ ਵੋਟਰ ਫੀਸਦੀ ਵਧਾਉਣ ਲਈ ਉਪਰਾਲੇ ਨਿਰੰਤਰ ਜਾਰੀ -ਹਰੇਕ ਪੋਲਿੰਗ ਬੂਥ ਉੱਪਰ ਮੁਢਲੀਆਂ ਸਹੂਲਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ
ਹਲਕਾ ਮੋਗਾ ਸਵੀਪ ਟੀਮ ਦੁਆਰਾ ਵੋਟਰ ਫੀਸਦੀ ਵਧਾਉਣ ਲਈ ਉਪਰਾਲੇ ਨਿਰੰਤਰ ਜਾਰੀ
-ਹਰੇਕ ਪੋਲਿੰਗ ਬੂਥ ਉੱਪਰ ਮੁਢਲੀਆਂ ਸਹੂਲਤਾਂ ਦੇਣੀਆਂ ਯਕੀਨੀ ਬਣਾਈਆਂ ਜਾਣਗੀਆਂ-ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ
ਮੋਗਾ, 15 ਮਈ:
ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟ ਫੀਸਦੀ ਵਧਾਉਣ ਲਈ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਵੀਪ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਇੱਕ ਨਿੱਜੀ ਸਕੂਲ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਰੇ ਹਲਕਿਆਂ ਵਾਂਗ ਮੋਗਾ ਹਲਕੇ ਵਿੱਚ ਵੀ ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਅਤੇ ਉਨ੍ਹਾਂ ਨੂੰ ਵੋਟ ਵਾਲੇ ਦਿਨ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ ਆਦਿ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਦੇ ਨਾਲ ਨਾਲ ਪੋਲਿੰਗ ਬੂਥਾਂ ਦੀ ਚੈਕਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ ਤਾਂ ਕਿ ਹਰ ਇੱਕ ਪੋਲਿੰਗ ਬੂਥ ਉੱਪਰ ਮੁਢਲੀਆਂ ਸਹੂਲਤਾਂ ਦੇ ਨਾਲ ਨਾਲ ਵਾਧੂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਵੋਟਰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਇਸਤੇਮਾਲ ਕਰਕੇ ਥੋੜੇ ਸਮੇਂ ਵਿੱਚ ਹੀ ਘਰ ਪਰਤ ਸਕਣ। ਇੱਸ ਮੌਕੇ ਸਕੂਲ ਸਵੀਪ ਨੋਡਲ ਅਫਸਰਜ਼ ਨੂੰ ਉਹਨਾਂ ਦੀ ਚੰਗੀ ਕਾਰਜਗੁਜ਼ਾਰੀ ਲਈ ਸਰਟੀਫਿਕੇਟ ਦਿੱਤੇ ਗਏ। ਇਲੈਕਟੋਰਲ ਲਿਟਰੇਸੀ ਕਲੱਬ ਦੀ ਅਗਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦਿੰਦੇ ਹੋਏ ਹੱਲਾਸ਼ੇਰੀ ਦਿਤੀ।
ਇਸ ਮੌਕੇ ਸਵੀਪ ਨੋਡਲ ਅਮਨਦੀਪ ਗੋਸਵਾਮੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨਾਲ ਵੋਟਾ ਬਾਰੇ ਗੱਲ ਜਰੂਰ ਕਰਨ, ਉਹ ਮਾਪਿਆ ਨੂੰ ਵੋਟ ਪਾਉਣ ਲਈ ਕਹਿਣ ਤੇ ਦੱਸਣ ਕਿ ਇਤਹਾਸ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਵੇਂ, ਕਿੰਨੀ ਕਸ਼ਮਕਸ਼ ਨਾਲ ਮਿਲਿਆ। ਇਕ ਨਿਡਰ, ਅਗਾਂਹ ਵਧੂ ਦੇਸ਼ ਸਿਰਜਣ ਲਈ ਹਰ ਇੱਕ ਵੋਟਰ ਗਰਮੀ, ਕੰਮ, ਰੁਝੇਵੇਂ ਛੱਡ 01 ਜੂਨ ਨੂੰ ਵੋਟ ਪਾਉਣ ਨਿਕਲੇ ਅਤੇ ਆਪਣਾ ਫਰਜ਼ ਨਿਭਾਵੇ।