ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਿੰਡ ਅਮਲਾਲਾ ’ਚ ਲੱਗਿਆ ਕੈਂਪ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਿੰਡ ਅਮਲਾਲਾ ’ਚ ਲੱਗਿਆ ਕੈਂਪ
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਬਰੋਲੀ ਸਕੂਲ ਦੀ ਸਫ਼ਾਈ ਸੇਵਕਾ ਦੀ ਰੁਕੀ ਤਨਖਾਹ ਮੌਕੇ ’ਤੇ ਜਾਰੀ ਕੀਤੀ ਗਈ
ਕੈਂਪ ਵਿੱਚ ਅਮਲਾਲਾ, ਚਡਿਆਲਾ, ਬੈਰ ਮਾਜਰਾ, ਬਰੌਲੀ, ਕਾਰਕੌਰ ਅਤੇ ਸ਼ੇਖਪੁਰ ਕਲਾਂ ਦੇ ਵਸਨੀਕ ਦੀਆਂ ਸੁਣੀਆਂ ਗਈਆਂ ਮੁਸ਼ਕਿਲਾਂ
ਲੋਕਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ਤੇ ਕੀਤਾ ਗਿਆ ਹੱਲ
ਡੇਰਾਬੱਸੀ, 02 ਅਗਸਤ, 2024: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਲੋਕਾਂ ਦੇ ਪਿੰਡਾਂ ਤੱਕ ਪਹੁੰਚ ਕਰਕੇ ਸੁਵਿਧਾ ਦੇਣ ਲਈ ਸ਼ੁਰੂ ਕੀਤੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਅੱਜ ਪਿੰਡ ਅਮਲਾਲਾ ਦੇ ਕਮਿਊਨਿਟੀ ਸੈਂਟਰ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਅਮਲਾਲਾ, ਚਡਿਆਲਾ, ਬੈਰ ਮਾਜਰਾ, ਬਰੌਲੀ, ਕਾਰਕੌਰ ਅਤੇ ਸ਼ੇਖਪੁਰ ਕਲਾਂ ਦੇ ਵਸਨੀਕ ਆਪਣੀ ਮੁਸ਼ਕਿਲਾਂ ਲੈ ਕੇ ਪੁੱਜੇ। ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਜੋ ਕਿ ਕੈਂਪ ’ਚ ਨਿੱਜੀ ਤੌਰ ’ਤੇ ਲੋਕ ਮੁਸ਼ਕਿਲਾਂ ਦਾ ਅਧਿਕਾਰੀਆਂ ਕੋਲੋਂ ਹੱਲ ਕਰਵਾਉਣ ਪੁੱਜੇ ਹੋਏ ਸਨ, ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਬਰੋਲੀ ਸਕੂਲ ਦੀ ਸਫ਼ਾਈ ਸੇਵਕਾ ਸ੍ਰੀਮਤੀ ਰਾਮ ਪਿਆਰੀ ਦੀ ਰੁਕੀ ਤਨਖ਼ਾਹ ਮੌਕੇ ’ਤੇ ਜਾਰੀ ਕਰਵਾ ਕੇ ਉਸ ਨੂੰ ਚੈੱਕ ਸੌਂਪਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾ ਦੱਸਿਆ ਕਿ ਜਦੋਂ ਉਹ ਉੱਥੇ ਆਏ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਸਨ ਤਾਂ ਇਸ ਸਫ਼ਾਈ ਸੇਵਕਾ ਵੱਲੋਂ ਉਸ ਨੂੰ ਪਾਰਟ ਟਾਈਮ ਕੰਮ ਦੀ ਤਨਖਾਹ ਮਿਲਣ ’ਚ ਹੋਈ ਦੇਰੀ ਬਾਰੇ ਦੱਸਿਆ ਗਿਆ। ਉਨ੍ਹਾਂ ਵੱਲੋਂ ਤੁਰੰਤ ਇਸ ਮਾਮਲੇ ਨੂੰ ਹੱਲ ਕਰਵਾਇਆ ਗਿਆ ਅਤੇ ਉਸ ਦੀ ਬਕਾਇਆ ਰਹਿੰਦੀ 15 ਹਜ਼ਾਰ ਦੀ ਤਨਖ਼ਾਹ ਦਾ ਚੈੱਕ ਉਸ ਨੂੰ ਮੌਕੇ ’ਤੇ ਹੀ ਸੌਂਪਿਆ ਗਿਆ। ਉਨ੍ਹਾਂ ਨਾਲ ਹੀ ਸਕੂਲ ਸਟਾਫ਼ ਨੂੰ ਭਵਿੱਖ ਵਿੱਚ ਉਸ ਦੀ ਤਨਖ਼ਾਹ ਸਮੇਂ ਸਿਰ ਦੇਣ ਦੀ ਹਦਾਇਤ ਵੀ ਕੀਤੀ। ਐਮ ਐਲ ਏ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੰਤਵ ਅਜਿਹੇ ਛੋਟੇ-ਮੋਟੇ ਮਸਲਿਆਂ ਦਾ ਮੌਕੇ ’ਤੇ ਹੱਲ ਕਰਨਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਮਾਮਲੇ ਉਲਝਣ ਨਾਲ ਗਰੀਬ ਤੇ ਲੋੜਵੰਦ ਲੋਕ ਵੱਡੀ ਮੁਸ਼ਕਿਲ ’ਚ ਪੈ ਜਾਂਦੇ ਹਨ ਅਤੇ ਅਜਿਹੇ ਕੈਂਪ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੱਲ ਕੱਢਦੇ ਹਨ ਕਿਉਂ ਜੋ ਸਾਰੇ ਹੀ ਵਿਭਾਗ ਕੈਂਪ ’ਚ ਸ਼ਾਮਿਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 43 ਉਸ ਸੇਵਾਵਾਂ ਜਿਹੜੀਆਂ 1076 ਨੰਬਰ ਡਾਇਲ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਦੇਣ ਦਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਉਦਮ ਕੀਤਾ ਗਿਆ ਹੈ, ਵੀ ਇਨ੍ਹਾਂ ਕੈਂਪਾਂ ’ਚ ਮਿਲਦੀਆਂ ਹਨ। ਇਨ੍ਹਾਂ ’ਚ ਮੁੱਖ ਤੌਰ ’ਤੇ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੌਕੇ ’ਤੇ ਮੌਜੂਦ ਐਸ.ਡੀ.ਐਮ. ਹਿਮਾਂਸ਼ੂ ਗੁਪਤਾ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਸਰਕਾਰੀ ਕੰਮਾਂ ਦੌਰਾਨ ਦਫਤਰਾਂ ਵਿਖੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਨਾ ਹੈ। ਇਹ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕੈਂਪ ’ਚ ਤਹਿਸੀਲਦਾਰ ਡੇਰਾਬੱਸੀ ਬੀਰਕਰਨ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਫ਼ੋਟੋ ਕੈਪਸ਼ਨ: ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਪਿੰਡ ਅਮਲਾਲਾ ਅਤੇ ਨੇੜੇ ਦੇ ਪਿੰਡਾਂ ਦੇ ਨਿਵਾਸੀਆਂ ਲਈ ਲੱਗੇ ਕੈਂਪ ਵਿੱਚ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਬਰੋਲੀ ਪਿੰਡ ਦੀ ਮੋਹਲਾ ਰਾਮ ਪਿਆਰੀ ਦੀ ਲੰਬੇ ਸਮੇਂ ਤੋਂ ਰੁਕੀ ਹੋਈ ਤਨਖਾਹ ਦਾ ਮੌਕੇ ’ਤੇ ਹੱਲ ਕਰਕੇ 15 ਹਜ਼ਾਰ ਰੁਪਏ ਦਾ ਚੈੱਕ ਸੌਂਪਦੇ ਹੋਏ।