ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ 29 ਜ਼ੁਲਾਈ ਤੋਂ 3 ਅਗਸਤ ਤੱਕ- ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ
ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ 29 ਜ਼ੁਲਾਈ ਤੋਂ 3 ਅਗਸਤ ਤੱਕ- ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ
- 28 ਜੁਲਾਈ ਤੋਂ ਪਹਿਲਾਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਦਫਤਰ ਜਰੀਏ ਕੇਸ ਦੀ ਕਰਵਾਈ ਜਾ ਸਕੇਗੀ ਪ੍ਰੀ ਮੀਡੀਏਸ਼ਨ
ਮੋਗਾ 22 ਮਈ:
ਮਾਨਯੋਗ ਸੈਸ਼ਨ ਜੱਜ ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 29.07.2024 ਤੋਂ 03.08.2024 ਤੱਕ ਮਾਨਯੋਗ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਦਾ ਕੋਈ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ ਅਤੇ ਉਹ ਵਿਅਕਤੀ ਦੂਜੀ ਧਿਰ ਨਾਲ ਸਮਝੌਤੇ ਉਪਰੰਤ ਸੁਪਰੀਮ ਕੋਰਟ ਵਿੱਚ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਉਹ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਦਫਤਰ ਵਿੱਚ ਜਲਦੀ ਤੋਂ ਜਲਦੀ (ਪਰ ਮਿਤੀ 28.07.2024 ਤੋਂ ਪਹਿਲਾਂ-ਪਹਿਲਾਂ) ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰਕੇ ਆਪਣੇ ਕੇਸ ਦੀ ਪ੍ਰੀ ਮੀਡੀਏਸ਼ਨ/ਵਿਚੋਲਗੀ ਕਰਵਾ ਸਕਦੇ ਹੋ।
ਉਹਨਾਂ ਅੱਗੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਲੇਬਰ ਨਾਲ ਸਬੰਧਤ ਮਾਮਲੇ, ਚੈੱਕ ਨਾਲ ਸਬੰਧਤ ਮਾਮਲੇ (138 ਐੱਨ.ਆਈ. ਐਕਟ), ਐਕਸੀਡੈਂਟ ਕਲੇਮ ਕੇਸ ( ਮੋਟਰ ਐਕਸੀਡੈਂਟ ਕਲੇਮ), ਹੋਰ ਮੁਆਵਜੇ ਦੇ ਮਾਮਲੇ, ਪਰਿਵਾਰਕ ਕਾਨੂੰਨ ਦੇ ਮਾਮਲੇ, ਸਰਵਿਸਜ਼ ਸਬੰਧੀ ਮਾਮਲੇ, ਰੈਂਟ ਸਬੰਧੀ ਮਾਮਲੇ, ਅਕਾਦਮਿਕ ਮਾਮਲੇ, ਮੇਨਟੇਨੈਂਸ ਨਾਲ ਸਬੰਧਤ ਮੁੱਦੇ , ਮੌਰਟਗੇਜ ਨਾਲ ਸਬੰਧਤ ਮਾਮਲੇ, ਖਪਤਕਾਰ ਸੁਰੱਖਿਆ ਦੇ ਮਾਮਲੇ, ਤਬਾਦਲਾ ਪਟੀਸ਼ਨਾਂ (ਦੀਵਾਨੀ ਅਤੇ ਫੌਜਦਾਰੀ), ਰਕਮ ਵਸੂਲੀ ਸਬੰਧੀ ਮਾਮਲੇ, ਕਰਿਮੀਨਲ ਕੰਪਾਊਂਡੇਬਲ ਮਾਮਲੇ, ਜ਼ਮੀਨੀ ਵਿਵਾਦਾਂ ਨਾਲ ਸਬੰਧਤ ਮਾਮਲੇ ਤੇ ਹੋਰ ਸਿਵਲ ਮਾਮਲੇ ਆਦਿ ਦੇ ਮਸਲੇ ਲਗਾਏ ਜਾ ਸਕਦੇ ਹਨ।
ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਕਿ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉਥੇ ਉਹਨਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਵੀ ਬਚਤ ਵੀ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੋ ਸਕਦੀ। ਸ਼ੈਸ਼ਨ ਜੱਜ ਸਾਹਿਬ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਲੋਕਾਂ ਦੇ ਕੇਸ ਮਾਨਯੋਗ ਸੁਪਰੀਮ ਕੋਰਟ ਵਿਖੇ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਸਪੈਸ਼ਲ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ।
ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ/ਸਲਾਹ ਲਈ 1968 ਅਤੇ 15100 ਡਾਈਲ ਕੀਤਾ ਜਾ ਸਕਦਾ ਹੈ ਜਾਂ ਦਫਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਫੋਨ ਨੰਬਰ 01636-235864 ਜਾਂ ਈ-ਮੇਲ ਆਈ.ਡੀ . .0.. ਤੇ ਸੰਪਰਕ ਕੀਤਾ ਜਾ ਸਕਦਾ ਹੈ।