ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸਬ ਡਵੀਜ਼ਨ ਪੱਧਰ ’ਤੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਲਗਾਏ ਜਾਣਗੇ ਕੈਂਪ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸਬ ਡਵੀਜ਼ਨ ਪੱਧਰ ’ਤੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਲਗਾਏ ਜਾਣਗੇ ਕੈਂਪ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਜੁਲਾਈ ਤੱਕ ਦਾ ਕੈਂਪਾਂ ਦਾ ਸ਼ਡਿਊਲ ਜਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜੁਲਾਈ:
ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਬਦਲਵੇਂ ਆਧਾਰ ’ਤੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਵੱਲੋਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਕੈਂਪਾਂ ਦੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਨੋਡਲ ਅਫਸਰ ਹੋਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਦਾ ਹੋਵੇਗਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇਨ੍ਹਾਂ ਕੈਂਪਾਂ ਦਾ ਮਿਤੀ 5.7.2024 ਤੋਂ 30.7.2024 ਤੱਕ ਦਾ ਸ਼ਡਿਊਲ ਜਾਰੀ ਕਰਦਿਆਂ ਦੱਸਿਆ ਕਿ 5 ਜੁਲਾਈ ਨੂੰ ਰਡਿਆਲਾ ਵਿਖੇ ਰਡਿਆਲਾ, ਦਾਊ ਮਾਜਰਾ ਅਤੇ ਭੂਖੜੀ ਪਿੰਡਾਂ ਦੇ ਵਸਨੀਕਾਂ ਲਈ ਕੈਂਪ ਲਾਇਆ ਜਾਵੇਗਾ। ਅਗਲਾ ਕੈਂਪ 9 ਜੁਲਾਈ ਨੂੰ ਡੇਰਾਬੱਸੀ ਦੇ ਪਿੰਡ ਹੰਡੇਸਰਾ ਵਿਖੇ ਲੱਗੇਗਾ ਅਤੇ ਇਸ ਕੈਂਪ ਵਿਚ ਅੰਟਾਲਾ, ਸਾਰੰਗਪੁਰ, ਹੰਡੇਸਰਾ, ਨਗਲਾ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ। ਮਿਤੀ 12 ਜੁਲਾਈ ਨੂੰ ਮੋਹਾਲੀ ਦੇ ਪਿੰਡ ਕਲੋਲੀ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਕਲੋਲੀ, ਦੇਵੀਨਗਰ ਅਤੇ ਤਸੌਲੀ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ। ਮਿਤੀ 16 ਜੁਲਾਈ ਨੂੰ ਖਰੜ ਦੇ ਪਿੰਡ ਬੜੀ ਕਰੋਰਾਂ ਵਿਖੇ ਲੱਗਣ ਵਾਲੇ ਕੈਂਪ ਵਿਚ ਟਾਂਡਾ, ਟਾਂਡੀ, ਬੜੀ ਕਰੋਰਾਂ, ਛੋਟੀ ਕਰੋਰਾਂ, ਮਸੌਲ ਦੀ ਗ੍ਰਾਮ ਪੰਚਾਇਤ ਅਤੇ ਵਸਨੀਕ ਸ਼ਾਮਲ ਹੋ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 19 ਜੁਲਾਈ ਨੂੰ ਡੇਰਾਬੱਸੀ ਦੀ ਨਗਰ ਕੌਂਸਲ, ਲਾਲੜੂ ਵਿਖੇ ਲੱਗਣ ਵਾਲੇ ਕੈਂਪ ਵਿਚ ਵਾਰਡ ਨੰ: 11, 12, 13 ਅਤੇ 14 ਦੇ ਲੋਕ ਆਪਣੀਆਂ ਮੁਸ਼ਕਿਲਾਂ ਅਤੇ ਕੰਮ ਰੱਖ ਸਕਣਗੇ। ਇਸੇ ਤਰ੍ਹਾਂ ਮਿਤੀ 23 ਜੁਲਾਈ ਨੂੰ ਮੋਹਾਲੀ ਦੇ ਪਿੰਡ ਕੰਬਾਲੀ ਵਿਖੇ ਲੱਗਣ ਵਾਲੇ ਕੈਂਪ ਵਿਚ ਕੰਬਾਲਾ, ਕੰਬਾਲੀ, ਚਿੱਲਾ ਅਤੇ ਪਾਪੜੀ ਦੇ ਲੋਕ ਸ਼ਾਮਿਲ ਹੋ ਸਕਣਗੇ। ਮਿਤੀ 26 ਜੁਲਾਈ ਨੂੰ ਖਰੜ ਦੇ ਪਿੰਡ ਰਾਣੀਮਾਜਰਾ ਵਿਖੇ ਲਗਾਏ ਜਾਣ ਵਾਲੇ ਕੈਂਪ ਦੌਰਾਨ ਰਾਣੀਮਾਜਰਾ, ਬਹਾਲਪੁਰ, ਸ਼ਿਆਮੀਪੁਰ, ਪਲਹੇੜੀ, ਭਗਤਮਾਜਰਾ ਅਤੇ ਘੰਡੋਲੀ ਦੇ ਵਸਨੀਕ ਆਪਣੀਆਂ ਅਰਜ਼ੀਆਂ ਦੇ ਸਕਣਗੇ। ਮਿਤੀ 30 ਜੁਲਾਈ ਨੂੰ ਡੇਰਾਬੱਸੀ ਦੇ ਨਗਰ ਕੌਂਸਲ (ਸੈਣੀ ਭਵਨ) ਵਿਚ ਲੱਗਣ ਵਾਲੇ ਕੈਂਪ ਵਿਚ ਵਾਰਡ ਨੰ: 5,6, 7, 8 ਦੇ ਵਸਨੀਕ ਆਪਣੀਆਂ ਮੁਸ਼ਕਿਲਾਂ ਦੱਸਣ ਦੇ ਨਾਲ-ਨਾਲ ਆਪਣੀਆਂ ਅਰਜ਼ੀਆਂ ਦੇ ਸਕਣਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਆਪਣੇ ਕੰਮ ਮੁਕੰਮਲ ਕਰਵਾ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 43 ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਨ੍ਹਾਂ ਕੈਂਪਾਂ ਵਿੱਚ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫ਼ਰਦ ਬਣਾਉਣੀ, ਸ਼ਗਨ ਸਕੀਮ ਅਰਜ਼ੀ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।