ਵਿਸ਼ੇਸ਼ ਸਾਰੰਗਲ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ
ਵਿਸ਼ੇਸ਼ ਸਾਰੰਗਲ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
- ਕਿਹਾ! ਸਰਕਾਰ ਦੀਆਂ ਤਰਜ਼ੀਹੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾਇਆ ਜਾਵੇਗਾ
- ਜ਼ਿਲ੍ਹਾ ਮੋਗਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਬਿਹਤਰ ਪ੍ਰਸ਼ਾਸ਼ਨ ਲਈ ਲੋਕ ਸਹਿਯੋਗ ਕਰਨ
ਮੋਗਾ, 17 ਅਗਸਤ (2024) - ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਸ਼੍ਰੀ ਵਿਸ਼ੇਸ਼ ਸਾਰੰਗਲ ਨੂੰ ਜ਼ਿਲ੍ਹਾ ਮੋਗਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ।
ਦੱਸਣਯੋਗ ਹੈ ਕਿ ਸ਼੍ਰੀ ਵਿਸ਼ੇਸ਼ ਸਾਰੰਗਲ 2013 ਬੈਚ ਦੇ ਆਈ ਏ ਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਲੱਗੇ ਹੋਏ ਸਨ। ਇਸ ਤੋਂ ਇਲਾਵਾ ਉਹ ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਜਲੰਧਰ ਵਿਖੇ ਵੀ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਤਰਜ਼ੀਹੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਲਿਜਾ ਕੇ ਹਰੇਕ ਯੋਗ ਵਿਅਕਤੀ ਨੂੰ ਉਹਨਾਂ ਦਾ ਲਾਭ ਮੁਹਈਆ ਕਰਵਾਉਣਾ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ।ਸਰਕਾਰੀ ਕੰਮਾਂ ਕਾਰਾਂ ਵਿਚ ਪਾਰਦਰਸ਼ਤਾ, ਨਿਰੰਤਰਤਾ ਅਤੇ ਤੇਜ਼ੀ ਲਿਆਉਣ ਦੇ ਨਾਲ ਨਾਲ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਵਧੀਆ ਪ੍ਰਸ਼ਾਸ਼ਕੀ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮੋਗਾ ਦੇ ਵਿਕਾਸ ਅਤੇ ਹੋਰ ਕਾਰਜਾਂ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।
ਉਹਨਾਂ ਅਹੁਦਾ ਸੰਭਾਲਣ ਮੌਕੇ ਚੁਣਵੇਂ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਜਨ ਹਿੱਤ ਸੇਵਾਵਾਂ ਤੈਅ ਸਮਾਂ ਸੀਮਾ ਵਿਚ ਦਿੱਤੀਆਂ ਜਾਣ। ਹਰ ਤਰ੍ਹਾਂ ਦੇ ਦਬਾਅ ਤੋਂ ਮੁਕਤ ਹੋ ਕੇ ਕੰਮ ਕੀਤਾ ਜਾਵੇ।
ਇਸ ਤੋਂ ਪਹਿਲਾਂ ਉਹਨਾਂ ਨੂੰ ਮੋਗਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਸ਼੍ਰੀਮਤੀ ਹਰਕੀਰਤ ਕੌਰ ਚਾਨੇ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਐੱਸ ਡੀ ਐੱਮ ਮੋਗਾ, ਸ੍ਰ ਹਰਕੰਵਲਜੀਤ ਸਿੰਘ ਐਸ ਡੀ ਐਮ ਬਾਘਾਪੁਰਾਣਾ, ਸ਼੍ਰੀਮਤੀ ਸ਼ੁਭੀ ਆਂਗਰਾ ਸਹਾਇਕ ਕਮਿਸ਼ਨਰ (ਜ) ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।