ਬਿੱਲ ਕਲੀਅਰ ਕਰਨ ਬਦਲੇ 15000 ਰੁਪਏ ਰਿਸ਼ਵਤ ਲੈਂਦੀ ਐਸ.ਡੀ.ਓ. ਤੇ ਉਸਦਾ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਵਿਜੀਲੈਂਸ ਬਿਊਰੋ ਪੰਜਾਬ
ਬਿੱਲ ਕਲੀਅਰ ਕਰਨ ਬਦਲੇ 15000 ਰੁਪਏ ਰਿਸ਼ਵਤ ਲੈਂਦੀ ਐਸ.ਡੀ.ਓ. ਤੇ ਉਸਦਾ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ੍ਹ, 11 ਨਵੰਬਰ, 2024 –
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸ.ਡੀ.ਓ ਨੇਹਾ ਪੰਚਾਲ ਅਤੇ ਉਸ ਦੇ ਸਹਾਇਕ ਨੈਤਿਕ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਲੁਧਿਆਣਾ ਦੀ ਗਗਨਦੀਪ ਕਲੋਨੀ, ਭੱਟੀਆਂ ਬੇਟ ਦੇ ਵਸਨੀਕ ਅਤੇ ਪੀਟਾਮਾਸ ਪ੍ਰਾਈਵੇਟ ਲਿਮਟਿਡ ਕੰਪਨੀ, ਲੁਧਿਆਣਾ ਦੇ ਜਨਰਲ ਮੈਨੇਜਰ ਸੁਸ਼ੀਲ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਅਨੁਸਾਰ ਉਕਤ ਕੰਪਨੀ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਅਧੀਨ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਲਈ ਆਈ.ਈ.ਸੀ. ਸਲਾਹਕਾਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਇਸ ਕੰਪਨੀ ਨੂੰ 01-10-2023 ਤੋਂ 30-09-2024 ਤੱਕ ਟੈਂਡਰ ਅਲਾਟ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੱਸਿਆ ਹੈ ਕਿ ਉਕਤ ਕੰਪਨੀ ਦਾ ਕੁੱਲ 7,08,000 ਰੁਪਏ ਦਾ ਸਾਲਾਨਾ ਬਿੱਲ ਨਗਰ ਨਿਗਮ ਜ਼ੋਨ-ਡੀ, ਲੁਧਿਆਣਾ ਵਿਖੇ ਸਮਾਰਟ ਸਿਟੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਜਦੋਂ ਉਹ ਐਸ.ਡੀ.ਓ ਮੈਡਮ ਨੇਹਾ ਪੰਚਾਲ ਦੇ ਦਫ਼ਤਰ ਗਿਆ ਤਾਂ ਉਨ੍ਹਾਂ ਨੇ ਬਿੱਲ ਪਾਸ ਕਰਵਾਉਣ ਬਦਲੇ 15000 ਰੁਪਏ ਜਾਂ ਕੁੱਲ ਰਕਮ ਦਾ 2 ਪ੍ਰਤੀਸ਼ਤ ਰਿਸ਼ਵਤ ਦੇਣ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੇ ਐਸ.ਡੀ.ਓ. ਨੇਹਾ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਬਣਾ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਐਸ.ਡੀ.ਓ ਨੇਹਾ ਪੰਚਾਲ ਦੇ ਸਹਾਇਕ ਨੈਤਿਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਗਿਆ। ਦੱਸਣਯੋਗ ਹੈ ਕਿ ਨੈਤਿਕ ਨੂੰ ਐਸ.ਡੀ.ਓ. ਨੇਹਾ ਵੱਲੋਂ ਰਿਸ਼ਵਤ ਦੀ ਰਕਮ ਵਸੂਲਣ ਲਈ ਭੇਜਿਆ ਗਿਆ ਸੀ। ਇਸ ਤੋਂ ਬਾਅਦ ਇਸ ਕੇਸ ਵਿੱਚ ਐਸ.ਡੀ.ਓ. ਨੇਹਾ ਪੰਚਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।