ਖਰਚਾ ਅਬਜ਼ਰਵਰ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਖਰਚਾ ਟੀਮ ਵੱਲੋਂ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਪਹਿਲੀ ਪੜਤਾਲ
ਖਰਚਾ ਅਬਜ਼ਰਵਰ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਖਰਚਾ ਟੀਮ ਵੱਲੋਂ ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਪਹਿਲੀ ਪੜਤਾਲ
ਉਮੀਦਵਾਰ ਆਪਣੇ ਖਰਚਾ ਰਜਿਸਟਰਾਂ 'ਚ ਸਹੀ ਤੇ ਮੁਕੰਮਲ ਇੰਦਰਾਜ ਦਰਜ ਕਰਨ : ਯਾਦਵ
ਗੈਰ-ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਨੂੰ ਜਾਰੀ ਹੋਵੇਗਾ ਨੋਟਿਸ
ਫ਼ਿਰੋਜ਼ਪੁਰ, 20 ਮਈ 2024:
1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜ਼ਪੁਰ ਲਈ ਨਿਯੁਕਤ ਕੀਤੇ ਖਰਚਾ ਅਬਜ਼ਰਵਰ ਸ਼੍ਰੀ ਨਾਗੇਂਦਰ ਯਾਦਵ ਆਈ.ਆਰ.ਐਸ. ਦੀ ਨਿਗਰਾਨੀ ਵਿੱਚ ਜ਼ਿਲ੍ਹਾ ਐਕਸਪੈਂਡੀਚਰ ਆਬਜ਼ਰਵਰ ਟੀਮ ਵੱਲੋਂ ਲੋਕ ਸਭਾ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਚੈੱਕ ਕੀਤੇ ਗਏ।
ਇਸ ਮੌਕੇ ਖਰਚਾ ਨਿਗਰਾਨ ਸ਼੍ਰੀ ਨਾਗੇਂਦਰ ਯਾਦਵ ਨੇ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਖਰਚਾ ਰਜਿਸਟਰ 'ਚ ਹਰੇਕ ਵਸਤੂ ਦੇ ਸਹੀ ਖਰਚੇ ਦਾ ਇੰਦਰਾਜ ਕੀਤਾ ਜਾਵੇ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਖਰਚਾ ਰਜਿਸਟਰ ਵਿੱਚ ਕਿਸੇ ਕਿਸਮ ਦੀ ਤਰੁੱਟੀ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਚਾਰ ਦੌਰਾਨ ਹਰੇਕ ਉਮੀਦਵਾਰ ਦੇ ਖਰਚਾ ਰਜਿਸਟਰ ਦੀ ਤਿੰਨ ਵਾਰ ਜ਼ਿਲ੍ਹਾ ਪੱਧਰ ’ਤੇ ਪੜਤਾਲ ਕੀਤੀ ਜਾਣੀ ਹੁੰਦੀ ਹੈ, ਜਿਸ ਦਾ ਜ਼ਿਲ੍ਹਾ ਪੱਧਰ ’ਤੇ ਖ਼ਰਚਾ ਟੀਮ ਵੱਲੋਂ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਨਾਲ ਮਿਲਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਹਲਕਾ 10 ਫ਼ਿਰੋਜ਼ਪੁਰ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚ ਰਜਿਸਟਰ ਦੀ ਪਹਿਲੀ ਇੰਸਪੈਕਸ਼ਨ/ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰਚਾ ਰਜਿਸਟਰ ਦੀ ਦੂਸਰੀ ਇੰਸਪੈਕਸ਼ਨ 25 ਮਈ ਅਤੇ ਤੀਜੀ ਇੰਸਪੈਕਸ਼ਨ 30 ਮਈ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਇੰਸਪੈਕਸ਼ਨ ਵਿੱਚ ਗੈਰ-ਹਾਜ਼ਰ ਰਹੇ ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਨੋਟਿਸ ਕੱਢ ਕੇ ਸਪਸ਼ਟੀਕਰਨ ਮੰਗਿਆ ਜਾਵੇਗਾ ਅਤੇ ਸਪਸ਼ਟੀਕਰਨ ਤੇ ਰਜਿਸਟਰ ਪੇਸ਼ ਨਾ ਕਰਨ ਦੀ ਸੂਰਤ ਵਿੱਚ ਆਈ.ਪੀ.ਸੀ. ਦੀ ਧਾਰਾ 171 ਆਈ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਭਵਿੱਖ ਵਿੱਚ ਚੋਣ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਏ.ਸੀ.ਐਫ.ਏ. ਹਰਜਸਦੀਪ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰ ਆਪਣੇ ਚੋਣ ਪ੍ਰਚਾਰ 'ਤੇ 95 ਲੱਖ ਰੁਪਏ ਖਰਚ ਕਰ ਸਕਦਾ ਅਤੇ ਜੇਕਰ ਕਿਸੇ ਉਮੀਦਵਾਰ ਵੱਲੋਂ ਆਪਣਾ ਚੋਣ ਖਰਚਾ 95 ਲੱਖ ਰੁਪਏ ਤੋਂ ਵੱਧ ਕੀਤਾ ਜਾਂਦਾ ਹੈ ਤਾਂ ਉਸ ਦੀ ਉਮੀਦਵਾਰੀ ਰੱਦ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਆਦਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਇਸ ਵਿੱਚ ਕੋਤਾਹੀ ਕਰਨ ਵਾਲਿਆਂ ਵਿਰੁੱਧ ਚੋਣ ਕਮਿਸ਼ਨ ਵੱਲੋਂ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਖਰਚਾ ਰਜਿਸਟਰ ਭਰਨ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਬਿਲਕੁਲ ਨਾ ਕੀਤੀ ਜਾਵੇ।
ਇਸ ਮੌਕੇ ਸਹਾਇਕ ਖਰਚਾ ਅਬਜ਼ਰਵਰ ਹੈੱਡ ਕੁਆਰਟਰ ਸ਼੍ਰੀ ਜਗਮੋਹਨ ਸਿੰਘ ਥਿੰਦ ਸਮੇਤ ਸਮੂਹ 9 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਖਰਚਾ ਅਬਜ਼ਰਵਰ ਤੇ ਲੇਖਾ ਟੀਮ ਵੀ ਹਾਜ਼ਰ ਸੀ।