ਅਗਨੀਵੀਰ ਆਰਮੀ ਦੀ ਭਰਤੀ ਲਈ ਰਜਿਸਟ੍ਰੇਸ਼ਨ ਕੈਂਪ 4,5,7 ਤੇ 9 ਅਪ੍ਰੈਲ ਨੂੰ
ਅਗਨੀਵੀਰ ਆਰਮੀ ਦੀ ਭਰਤੀ ਲਈ ਰਜਿਸਟ੍ਰੇਸ਼ਨ ਕੈਂਪ 4,5,7 ਤੇ 9 ਅਪ੍ਰੈਲ ਨੂੰ
ਵਧੇਰੇ ਜਾਣਕਾਰੀ ਲਈ www.joinindianarmy.nic.in ਅਤੇ ਹੈਲਪਲਾਈਨ ਨੰਬਰ 90569-20100 ’ਤੇ ਕੀਤਾ ਜਾ ਸਕਦੈ ਸੰਪਰਕ
ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ
ਜਲੰਧਰ, 3 ਮਾਰਚ : ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਵਲੋਂ ਅਗਨੀਵੀਰ ਆਰਮੀ ਦੀ ਭਰਤੀ ਲਈ ਯੋਗ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਵਾਸਤੇ 4,5,7 ਤੇ 9 ਅਪ੍ਰੈਲ 2025 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਨੀਲਮ ਮਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਉਮੀਦਵਾਰ ਦੀ ਉਮਰ ਅਗਨੀਵੀਰ ਜਨਰਲ ਡਿਊਟੀ ਅਤੇ ਅਗਨੀਵੀਰ ਟੈਕਨੀਕਲ, ਕਲਰਕ, ਸਟੋਰ ਕੀਪਰ ਅਤੇ ਟ੍ਰੇਡਸਮੈਨ ਲਈ 17.5 ਤੋਂ 21 ਸਾਲ ਅਤੇ ਵਿਦਿਅਕ ਯੋਗਤਾ 10ਵੀਂ/12ਵੀਂ/ਆਈ.ਟੀ.ਆਈ. ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰ ਦੀ ਉਚਾਈ ਅਗਨੀਵੀਰ ਜਨਰਲ ਡਿਊਟੀ ਅਤੇ ਟ੍ਰੇਡਮੈਨ, ਅਗਨੀਵੀਰ ਟੈਕਨੀਕਲ ਲਈ 170 ਸੈਮੀ, ਅਗਨੀਵੀਰ ਸਟੋਰ ਕੀਪਰ ਅਤੇ ਆਫਿਸ ਅਸਿਸਟੈਂਟ ਲਈ 162 ਸੈਮੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਛਾਤੀ ਘੱਟੋ-ਘੱਟ 77 ਸੈਮੀ, ਫੁਲਾਉਣ ’ਤੇ 5 ਸੈਮੀ ਵਾਧੂ ਅਤੇ ਭਾਰ ਉਮਰ ਤੇ ਉਚਾਈ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੜਕਿਆਂ ਲਈ (1.6 ਕਿਲੋਮੀਟਰ ਦੌੜ) ਗਰੁੱਪ-1 (5 ਮਿੰਟ 30 ਸਕਿੰਟ), ਗਰੁੱਪ-2 (5 ਮਿੰਟ 31 ਸਕਿੰਟ ਤੋਂ 5 ਮਿੰਟ 45 ਸਕਿੰਟ ਤੱਕ) ਅਤੇ ਲੜਕੀਆਂ ਲਈ 1.6 ਕਿਲੋਮੀਟਰ ਦੌੜ ਗਰੁੱਪ-1 (7 ਮਿੰਟ 30 ਸਕਿੰਟ) ਅਤੇ ਗਰੁੱਪ-2 (7 ਮਿੰਟ 30 ਸਕਿੰਟ ਤੋਂ 8 ਮਿੰਟ) ਹੈ।
ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਨੀਵੀਰ ਆਰਮੀ ਦੀ ਭਰਤੀ ਦੀ ਰਜਿਸਟ੍ਰੇਸ਼ਨ ਦੇ ਚਾਹਵਾਨ ਯੋਗ ਉਮੀਦਵਾਰ ਆਪਣਾ ਆਧਾਰ ਕਾਰਡ, 10ਵੀਂ/12ਵੀਂ ਦੀ ਮਾਰਕਸ਼ੀਟ, ਡੋਮੀਸਾਈਲ ਸਰਟੀਫਿਕੇਟ, ਜਾਤੀ ਸਰਟੀਫਿਕੇਟ (ਜੇਕਰ ਲਾਗੂ ਹੋਵੇ) ਅਤੇ ਪਾਸਪੋਰਟ ਸਾਈਜ਼ ਫੋਟੋ, ਅਗਨੀਵੀਰ ਭਰਤੀ ਦੀ ਫੀਸ ਸਮੇਤ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦਫ਼ਤਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਜਲੰਧਰ ਵਿਖੇ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਇੰਡੀਅਨ ਆਰਮੀ ਦੀ ਵੈਬਸਾਈਟ www.joinindianarmy.nic.in ਅਤੇ ਹੈਲਪਲਾਈਨ ਨੰਬਰ 90569-20100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਲਗਾਏ ਜਾ ਰਹੇ ਇਨ੍ਹਾਂ ਰਜਿਸਟ੍ਰੇਸ਼ਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।