ਸਪੀਕਰ ਸੰਧਵਾਂ ਨੇ ਮਹਾਨ ਕੋਸ਼ ਨੂੰ ਸੋਧ ਕੇ ਮੁੜ ਪ੍ਰਕਾਸ਼ਿਤ ਕਰਨ ਸਬੰਧੀ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕ
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਪੀਕਰ ਸੰਧਵਾਂ ਨੇ ਮਹਾਨ ਕੋਸ਼ ਨੂੰ ਸੋਧ ਕੇ ਮੁੜ ਪ੍ਰਕਾਸ਼ਿਤ ਕਰਨ ਸਬੰਧੀ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਵਿਚਾਰ-ਚਰਚਾ
ਕਿਹਾ, ਗੁਰਬਾਣੀ ਦੀ ਸਰਬ-ਉੱਚਤਾ ਕਾਇਮ ਰੱਖਣ ਅਤੇ ਅਗਲੀਆਂ ਨਸਲਾਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਇਹ ਕਾਰਜ ਬੇਹੱਦ ਜ਼ਰੂਰੀ
ਚੰਡੀਗੜ੍ਹ, 13 ਜੂਨ:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਗੁਰਸ਼ਬਦ ਰਤਨਾਕਾਰ ਮਹਾਨ ਕੋਸ਼ ਦੀਆਂ ਗ਼ਲਤੀਆਂ ਨੂੰ ਮੁੜ ਸੋਧ ਕੇ ਪ੍ਰਕਾਸ਼ਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਉਪਰੰਤ ਸ. ਸੰਧਵਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਮਹਾਨ ਕੋਸ਼ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸੰਸਕਰਨਾਂ ਨੂੰ ਰੱਦ ਕਰਾਉਣ ਲਈ ਯੋਗ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਠਿਤ ਕਮੇਟੀ ਮੈਂਬਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਇਹ ਕਾਰਜ ਕੀਤਾ ਜਾਵੇਗਾ।
ਸ. ਸੰਧਵਾਂ ਨੇ ਕਿਹਾ ਕਿ ਗੁਰਬਾਣੀ ਦੀ ਸਰਬ-ਉੱਚਤਾ ਕਾਇਮ ਰੱਖਣ ਅਤੇ ਅਗਲੀਆਂ ਨਸਲਾਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਇਹ ਕਾਰਜ ਬੇਹੱਦ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਿੱਖਿਆ ਮੰਤਰੀ, ਪੰਜਾਬ, ਸਕੱਤਰ ਉਚੇਰੀ ਸਿੱਖਿਆ ਅਤੇ ਡੀ.ਪੀ.ਆਈ. ਨਾਲ ਵਿਚਾਰ-ਚਰਚਾ ਕਰਕੇ ਇਸ ਸੋਧ ਬਾਰੇ ਇੱਕ ਮੁਸ਼ਤ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸ. ਪਦਮਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਸ. ਜਵਿੰਦਰ ਸਿੰਘ ਸ੍ਰੀ ਖਾਲਸਾ ਪੰਚਾਇਤ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਅੰਮ੍ਰਿਤਸਰ, ਸ੍ਰੀ ਪਿਆਰਾ ਲਾਲ ਗਰਗ ਸੇਵਾ ਮੁਕਤ ਪ੍ਰੋਫੈਸਰ, ਡਾ. ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸਿੱਖ ਸਭਾ, ਸ੍ਰੀ ਅਮਰਜੀਤ ਸਿੰਘ ਧਵਨ ਅਤੇ ਸ੍ਰੀ ਰਛਪਾਲ ਸਿੰਘ ਆਦਿ ਹਾਜ਼ਰ ਸਨ।