ਪੋਲੀ ਹਾਊਸ ਨਾਲ ਖੇਤੀ ਨੂੰ ਨਵੇਂ ਦਿਸਹਦਿਆਂ ਤੱਕ ਪਹੁੰਚਾ ਰਿਹਾ ਹੈ ਰਾਧੇ ਸ਼ਾਮ
ਪੋਲੀ ਹਾਊਸ ਨਾਲ ਖੇਤੀ ਨੂੰ ਨਵੇਂ ਦਿਸਹਦਿਆਂ ਤੱਕ ਪਹੁੰਚਾ ਰਿਹਾ ਹੈ ਰਾਧੇ ਸ਼ਾਮ
ਫਾਜ਼ਿਲਕਾ 27 ਅਕਤੂਬਰ
ਫਾਜ਼ਿਲਕਾ ਜਿਲੇ ਦੇ ਕਿਸਾਨ ਨਵੀਆਂ ਤਕਨੀਕਾਂ ਨੂੰ ਅਪਣਾਉਣ ਵਿੱਚ ਮੋਹਰੀ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਮੌਜਗੜ੍ਹ ਦਾ ਰਾਧੇ ਸ਼ਾਮ ਜਿਸ ਨੇ ਪੋਲੀ ਹਾਊਸ ਲਗਾ ਕੇ ਆਪਣੀ ਖੇਤੀ ਨੂੰ ਨਵੇਂ ਵਿਸਾਦਿਆਂ ਤੱਕ ਪਹੁੰਚਾਇਆ ਹੈ। ਰਾਧੇ ਸ਼ਾਮ ਨੇ ਦੱਸਿਆ ਕਿ ਉਸਨੇ ਅੱਠ ਸਾਲ ਪਹਿਲਾਂ ਇੱਕ ਏਕੜ ਵਿੱਚ ਪੋਲੀ ਹਾਊਸ ਲਗਾਇਆ ਸੀ ਅਤੇ ਇਸ ਸਮੇਂ ਉਹ ਇਸ ਵਿੱਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਦਾ ਹੈ।
ਰਾਧੇ ਸ਼ਾਮ ਨੇ ਦੱਸਿਆ ਕਿ ਇਸ ਤਕਨੀਕ ਨਾਲ ਆਮ ਰਿਵਾਇਤੀ ਖੇਤੀ ਦੇ ਨਾਲੋਂ ਪ੍ਰਤੀ ਏਕੜ ਚਾਰ ਤੋਂ ਪੰਜ ਗੁਣਾ ਜਿਆਦਾ ਮੁਨਾਫਾ ਹੋ ਜਾਂਦਾ ਹੈ। ਉਸਨੇ ਇਸ ਵੇਲੇ ਗੋਭੀ, ਟਮਾਟਰ,ਮਿਰਚ ਅਤੇ ਬੈਂਗਣ ਦੀ ਪਨੀਰੀ ਤਿਆਰ ਕੀਤੀ ਹੋਈ ਹੈ। ਉਹ ਦੱਸਦਾ ਹੈ ਕਿ ਉਹ ਇਹ ਪਨੀਰੀ ਵੱਖ ਵੱਖ ਕੰਪਨੀਆਂ ਨੂੰ ਤਿਆਰ ਕਰਕੇ ਦਿੰਦਾ ਹੈ ।
ਉਸਨੇ ਇਹ ਨੈਟ ਹਾਊਸ ਸਰਕਾਰ ਤੋਂ ਸਬਸਿਡੀ ਲੈ ਕੇ ਲਗਾਇਆ ਸੀ ਅਤੇ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਦਿੱਤੀ ਗਈ ਸੀ। ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਉਸਨੇ ਦੱਸਿਆ ਕਿ ਜੋ ਕਿਸਾਨ ਨੈਟ ਹਾਊਸ ਜਾਂ ਪੋਲੀ ਹਾਊਸ ਲਗਾਉਣਾ ਚਾਹੁੰਦੇ ਹਨ ਉਹ ਬਾਗਵਾਨੀ ਵਿਭਾਗ ਨਾਲ ਰਾਬਤਾ ਕਰਨ। ਉਸਨੇ ਇਹ ਵੀ ਸਲਾਹ ਦਿੱਤੀ ਕਿ ਇਸ ਲਈ ਕਰਤਾਰਪੁਰ ਵਿਖੇ ਬਣੇ ਐਕਸੀਲੈਂਟ ਸੈਂਟਰ ਤੋਂ ਟ੍ਰੇਨਿੰਗ ਜਰੂਰ ਲਈ ਜਾਵੇ। ਜੇਕਰ ਟ੍ਰੇਨਿੰਗ ਲੈ ਕੇ ਇਹ ਕੰਮ ਕੀਤਾ ਜਾਵੇ ਤਾਂ ਇਸ ਵਿੱਚ ਬਹੁਤ ਵਧੀਆ ਮੁਨਾਫਾ ਹੈ।
ਉਸ ਵੱਲੋਂ ਪੋਲੀ ਹਾਊਸ ਤੇ ਉੱਪਰ ਬਾਰਿਸ਼ ਦਾ ਜੋ ਪਾਣੀ ਹੁੰਦਾ ਹੈ ਉਸ ਨੂੰ ਵੀ ਆਪਣੇ ਖੇਤ ਵਿੱਚ ਬਣੇ ਟੈਂਕ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਂਦੀ ਹੈ। ਉਹ ਦੱਸਦਾ ਹੈ ਕਿ ਇਸ ਤਕਨੀਕ ਨਾਲ ਤਾਪਮਾਨ ਨੂੰ ਕੰਟਰੋਲ ਕਰਕੇ ਅਗੇਤੀ ਪਿਛੇਤੀ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਉਹ ਖੀਰਾ ਅਤੇ ਹਰੀ ਮਿਰਚ ਵੀ ਤਿਆਰ ਕਰਦਾ ਹੈ । ਉਹ ਕਹਿੰਦਾ ਹੈ ਕਿ ਹੋਲੀ ਹਾਊਸ ਵਿੱਚ ਇਸ ਦੀ ਖੇਤੀ ਕਰਨ ਨਾਲ ਉਸ ਉਤਪਾਦਨ ਵੀ ਚੰਗਾ ਹੁੰਦਾ ਹੈ ਅਤੇ ਬਾਜ਼ਾਰ ਵਿੱਚ ਭਾਅ ਵੀ ਚੰਗਾ ਮਿਲਦਾ ਹੈ । ਉਸ ਦਾ ਆਖਣਾ ਹੈ ਕਿ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।