Hindi
WhatsApp Image 2025-04-13 at 5

ਚੁਕਾਈ ਸ਼ੁਰੂ ਕਰੋ ਜਾਂ ਬਲੈਕ ਲਿਸਟ ਹੋਣ ਲਈ ਤਿਆਰ ਰਹੋ

ਚੁਕਾਈ ਸ਼ੁਰੂ ਕਰੋ ਜਾਂ ਬਲੈਕ ਲਿਸਟ ਹੋਣ ਲਈ ਤਿਆਰ ਰਹੋ

ਡਿਪਟੀ ਕਮਿਸ਼ਨਰ ਦੀ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ

" ਚੁਕਾਈ ਸ਼ੁਰੂ ਕਰੋ ਜਾਂ ਬਲੈਕ ਲਿਸਟ ਹੋਣ ਲਈ ਤਿਆਰ ਰਹੋ "

- ਬਰਦਾਨਾ ਨਾ ਭੇਜਣ ਅਤੇ ਭਾਅ ਨਾ ਲਗਾਉਣ ਵਾਲੇ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

- ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ

- ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ 1 ਪੱਕਾ ਮੁਲਾਜ਼ਮ ਤਾਇਨਾਤ ਕਰਨ ਬਾਰੇ ਕਿਹਾ

- ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ - ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ17 ਅਪ੍ਰੈਲ (2025) –

            ਜ਼ਿਲ੍ਹਾ ਮੋਗਾ ਵਿੱਚ ਕਣਕ ਦੇ ਖਰੀਦ ਸੀਜ਼ਨ ਦੌਰਾਨ ਅਨਾਜ ਦੀ ਖਰੀਦ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇਲਈ ਪ੍ਰਸ਼ਾਸ਼ਨ ਨੇ ਹੁਣੇ ਤੋਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਚਾਰੂ ਖਰੀਦ ਪ੍ਰਕਿਰਿਆ ਯਕੀਣੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਢੋਆ ਢੁਆਈ ਠੇਕੇਦਾਰਟਰੱਕ ਯੂਨੀਅਨਾਂਸਿਵਲ ਤੇ ਪੁਲਿਸ ਅਧਿਕਾਰੀਆਂਆੜ੍ਹਤੀਆਂ ਅਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ ਅਤੇ ਐਸ ਪੀ (ਸਥਾਨਕ) ਸ੍ਰ ਸਨਦੀਪ ਸਿੰਘ ਮੰਡ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।

            ਟਰੱਕ ਯੂਨੀਅਨਾਂ ਵੱਲੋਂ ਆਪਣੇ ਕਿਸੇ ਨਿੱਜੀ ਰੌਲੇ ਦੇ ਕਾਰਨ ਚੁਕਾਈ ਦਾ ਕੰਮ ਸ਼ੁਰੂ ਨਾ ਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਢੋਆ ਢੁਆਈ ਠੇਕੇਦਾਰ ਨੂੰ ਦੋ ਟੁੱਕ ਕਿਹਾ ਕਿ ਉਹ ਜਾਂ ਤਾਂ ਤੁਰੰਤ ਚੁਕਾਈ ਸ਼ੁਰੂ ਕਰ ਦੇਣ ਨਹੀਂ ਤਾਂ ਬਲੈਕਲਿਸਟ ਹੋਣ ਲਈ ਤਿਆਰ ਰਹਿਣ। ਉਹਨਾਂ ਸਪੱਸ਼ਟ ਕੀਤਾ ਕਿ ਖਰੀਦ ਪ੍ਰਕਿਰਿਆ ਵਿੱਚ ਅੜਿੱਕਾ ਬਣਨ ਵਾਲੀ ਹਰੇਕ ਧਿਰ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਯਕੀਨੀ ਬਣਾਏਗਾ ਕਿ ਕਿਸਾਨ ਨੂੰ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ, ਵੇਚਣ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਵਿੱਚ ਕੋਈ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ

            ਉਹਨਾਂ ਅਡਾਨੀ ਸਾਈਲੋ ਵਿੱਚ ਰੋਜ਼ਾਨਾ 10 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਕਣਕ ਭੇਜਣ ਦੀ ਹਦਾਇਤ ਕਰਦਿਆਂ ਸਾਈਲੋ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੱਕਾਂ ਵਾਲਿਆਂ ਨੂੰ ਲੁਹਾਈ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਇਸ ਕੰਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਇਕ ਨਿਗਰਾਨ ਕਮੇਟੀ ਦਾ ਗਠਨ ਕਰਨ ਬਾਰੇ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਲੋ ਵਿੱਚ ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਲੁਹਾਈ ਦਾ ਕੰਮ ਚੱਲਣਾ ਚਾਹੀਦਾ ਹੈ।

            ਮੰਡੀਆਂ ਵਿੱਚ ਬਾਰਦਾਨਾ ਪਹੁੰਚਣ ਅਤੇ ਭਾਅ ਲੱਗਣ ਬਾਰੇ ਪੁੱਛੇ ਜਾਣ ਉੱਤੇ ਪਤਾ ਲੱਗਾ ਕਿ ਮੋਗਾ ਮੰਡੀ ਵਿੱਚ ਪਹਿਲੇ ਦਿਨ ਭਾਅ ਨਹੀਂ ਲੱਗਾ ਅਤੇ ਨਿਹਾਲ ਸਿੰਘ ਵਾਲਾ ਮੰਡੀ ਵਿੱਚ ਬਾਰਦਾਨਾ ਨਹੀਂ ਪਹੁੰਚਿਆ। ਇਸ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਖਰੀਦ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਬਾਰੇ ਕਿਹਾ ਗਿਆ।

            ਪੂਰੇ ਸੀਜ਼ਨ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਮੋਗਾ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਅਤੇ ਹਰੇਕ ਮੰਡੀ ਵਿੱਚ 1 ਪੱਕਾ ਮੁਲਾਜ਼ਮ ਤਾਇਨਾਤ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਕੋਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਪੁਲਿਸ ਮੁਲਾਜ਼ਮ ਤੁਰੰਤ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਉਣ ਅਤੇ ਸਥਿਤੀ ਨੂੰ ਆਮ ਵਾਂਗ ਬਣਾਈ ਰੱਖਣ ਲਈ ਜਿੰਮੇਵਾਰ ਹੋਵੇਗਾ।

            ਦੱਸਣਯੋਗ ਹੈ ਕਿ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਜ਼ਿਲ੍ਹਾ ਮੋਗਾ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 56 ਕੁਇੰਟਲ ਤੋਂ ਵੱਧ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 56 ਕੁਇੰਟਲ ਦਰਜ ਕੀਤੀ ਗਈ ਸੀ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 109 ਮੰਡੀਆਂ ਵਿੱਚ ਅੰਦਾਜ਼ਨ 735000 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ / ਗੱਠਾਂ ਉਪਲੱਬਧ ਹਨ। ਉਹਨਾਂ ਕਿਹਾ ਕਿ ਰੱਬੀ ਸੀਜ਼ਨ 2025-26 ਦੌਰਾਨ ਖਰੀਦ ਦਾ ਸਮਾਂ ਮਿਤੀ 31 ਮਈ2025 ਤੱਕ ਨਿਰਧਾਰਿਤ ਕੀਤਾ ਹੈ। ਵਿਭਾਗ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ।

            ਉਹਨਾਂ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਮੋਗਾ ਵਿੱਚ 109 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਜੇਕਰ ਲੋੜ੍ਹ ਪਈ ਤਾਂ ਹੋਰ ਆਰਜ਼ੀ ਮੰਡੀਆਂ ਵੀ ਨਿਰਧਾਰਤ ਕਰ ਲਈਆਂ ਜਾਣਗੀਆਂ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ।


Comment As:

Comment (0)