ਪੋਸ਼ਣ ਪਖਵਾੜੇ ਤਹਿਤ ਸੀ ਐਚ ਸੀ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ
ਪੋਸ਼ਣ ਪਖਵਾੜੇ ਤਹਿਤ ਸੀ ਐਚ ਸੀ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ
ਮਹਿਲ ਕਲਾਂ, 15 ਅਪ੍ਰੈਲ
ਸਿਹਤ ਵਿਭਾਗ ਬਰਨਾਲਾ ਵੱਲੋਂ ਆਯੁਸ਼ ਮੰਤਰਾਲਾ ਭਾਰਤ ਸਰਕਾਰ ਅਤੇ ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ 23 ਅਪ੍ਰੈਲ ਤੱਕ ਪੋਸ਼ਣ ਪਖਵਾੜਾ ਮਨਾਇਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਅਤੇ ਐਸ ਐਮ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਮਹਿਲ ਕਲਾਂ ਹਸਪਤਾਲ ਵਿਖੇ ਪੋਸ਼ਣ ਪਖਵਾੜੇ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਮਓ ਡਾ. ਨਵਨੀਤ ਬਾਂਸਲ ਨੇ ਦੱਸਿਆ ਕਿ ਇਸ ਪੋਸ਼ਣ ਪਖਵਾੜੇ ਦਾ ਥੀਮ ਹੈ 'ਨਤੀਜਿਆਂ ਅਧਾਰਿਤ ਗਤਿਵਿਧੀਆਂ'। ਉਨ੍ਹਾਂ ਦੱਸਿਆ ਇਸ ਪਖਵਾੜੇ ਦੌਰਾਨ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਜਾਗਰੂਕਤਾ ਕੈਂਪ, ਨੁੱਕੜ ਨਾਟਕ, ਕਮਿਊਨਿਟੀ ਰੇਡੀਓ ਆਦਿ ਰਾਹੀਂ ਲੋਕਾਂ ਨੂੰ ਸੰਤੁਲਿਤ ਭੋਜਨ ਜਿਵੇਂ ਕਿ ਅਨਾਜ਼, ਦਾਲਾਂ, ਦੁੱਧ, ਦਹੀਂ, ਮੌਸਮ ਅਨੁਸਾਰ ਫ਼ਲ ਸਬਜ਼ੀਆਂ ਦਾ ਸੇਵਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਪਖਵਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਕੁਪੋਸ਼ਣ ਨੂੰ ਖਤਮ ਕਰਨਾ, ਗਰਭਵਤੀ ਔਰਤਾਂ, ਬੱਚਿਆਂ ਅਤੇ ਕਿਸ਼ੋਰ ਕਿਸ਼ੋਰੀਆਂ ਦੀ ਸਿਹਤ ਨੂੰ ਬਿਹਤਰ ਬਣਾਉਣਾ ਹੈ।
ਇਸ ਮੌਕੇ ਬੀ ਆਈ ਸ਼ਿਵਾਨੀ ਨੇ ਦੱਸਿਆ ਕਿ ਇਸ ਪਖਵਾੜੇ ਨੂੰ ਸਫ਼ਲ ਬਣਾਉਣ ਲਈ ਵੱਖ ਵੱਖ ਵਿਭਾਗ ਜਿਵੇਂ ਕਿ ਇਸਤਰੀ ਅਤੇ ਬਾਲ ਵਿਕਾਸ, ਸਿੱਖਿਆ ਵਿਭਾਗ ਆਦਿ ਮਿਲ ਕੇ ਕੰਮ ਕਰ ਰਹੇ ਹਨ ਅਤੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਟਰੇਨਿੰਗ ਅਧੀਨ ਨਰਸਿੰਗ ਦੀਆਂ ਵਿਦਿਆਰਥਣਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਪੋਸ਼ਣ ਬਾਰੇ ਜਾਗਰੂਕ ਕਰ ਰਹੀਆਂ ਹਨ।
ਇਸ ਮੌਕੇ ਡਾ. ਅਮ੍ਰਿਤਪਾਲ ਨੇ ਦੱਸਿਆ ਕਿ ਇਸ ਪਖਵਾੜੇ ਦੌਰਾਨ ਬੱਚੇ ਦੇ ਜੀਵਨ ਦੇ ਸ਼ੁਰੂਆਤੀ 1000 ਦਿਨਾਂ ਤੱਕ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦੇਣ, ਛੋਟੀ ਉਮਰ ਵਿੱਚ ਬੱਚਿਆਂ ਵਿੱਚ ਮੋਟਾਪਾ ਰੋਕਣ, ਔਰਤਾਂ ਅਤੇ ਕਿਸ਼ੋਰ ਲੜਕੀਆਂ ਵਿੱਚ ਅਨੀਮੀਆ ਦੀ ਸਮੱਸਿਆ ਨੂੰ ਖਤਮ ਕਰਨ 'ਤੇ ਜੌਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਐਲ ਐਚ ਵੀ ਬਲਵਿੰਦਰ ਕੌਰ, ਉਪਵੇਦ ਅਜੇ ਕੁਮਾਰ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।