•ਡਾ. ਬੀ.ਆਰ. ਅੰਬੇਡਕਰ ਦੁਆਰਾ ਦਿੱਤੀ ਗਈ ਵਿਭਿੰਨਤਾ ਵਿੱਚ ਏਕਤਾ ਦੀ ਧਾਰਨਾ ਅੱਜ ਵੀ ਬਰਕਰਾਰ
ਕੈਬਨਿਟ ਵਿੱਚ ਪਹਿਲੀ ਵਾਰ 6 ਅਨੁਸੂਚਿਤ ਜਾਤੀ ਮੰਤਰੀਆਂ ਨਾਲ, ਏ.ਜੀ. ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਅਤੇ ਐਸ.ਸੀ. ਸਕਾਲਰਸ਼ਿਪ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ
•ਡਾ. ਬੀ.ਆਰ. ਅੰਬੇਡਕਰ ਦੁਆਰਾ ਦਿੱਤੀ ਗਈ ਵਿਭਿੰਨਤਾ ਵਿੱਚ ਏਕਤਾ ਦੀ ਧਾਰਨਾ ਅੱਜ ਵੀ ਬਰਕਰਾਰ
•134ਵੀਂ ਜਯੰਤੀ 'ਤੇ ਆਰ.ਬੀ.ਯੂ. ਖਰੜ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
•ਭਾਰਤੀ ਸੰਵਿਧਾਨ ਅਜੇ ਵੀ ਦਮਨ ਵਿਰੁੱਧ ਇਨਸਾਫ਼ ਪ੍ਰਾਪਤ ਕਰਨ ਦੀ ਇੱਕ ਆਖਰੀ ਉਮੀਦ ਵਜੋਂ ਮਜ਼ਬੂਤ ਸੁਰੱਖਿਆ ਕਵਚ
•ਪਵਿੱਤਰ ਸੰਵਿਧਾਨ ਵਿੱਚ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਉਪਬੰਧਾਂ ਲਈ ਡਾ. ਅੰਬੇਡਕਰ ਨੂੰ ਮਸੀਹਾ ਕਰਾਰ ਦਿੱਤਾ
ਚੰਡੀਗੜ੍ਹ/ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਪ੍ਰੈਲ:
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਕੈਬਨਿਟ ਵਿੱਚ ਪਹਿਲੀ ਵਾਰ 6 ਐਸ.ਸੀ. ਮੰਤਰੀਆਂ ਦੀ ਸ਼ਮੂਲੀਅਤ, ਏ.ਜੀ. (ਐਡਵੋਕੇਟ ਜਨਰਲ) ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਲਾਗੂ ਕਰਕੇ ਅਤੇ ਐਸ.ਸੀ. ਸਕਾਲਰਸ਼ਿਪ ਦੀ ਮੁਸ਼ਕਲ ਰਹਿਤ ਵੰਡ ਦੇ ਨਾਲ, 'ਆਪ' ਸਰਕਾਰ ਪੰਜਾਬ ਵਿੱਚ ਬਾਬਾ ਸਾਹਿਬ, ਡਾ. ਬੀ. ਆਰ. ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ (ਆਰ.ਬੀ.ਯੂ.) ਖਰੜ ਵਿਖੇ ਆਯੋਜਿਤ ਡਾ. ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਵਸ 'ਤੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੰਸਦ ਮੈਂਬਰ ਸ. ਮਾਲਵਿੰਦਰ ਸਿੰਘ ਕੰਗ ਦੇ ਨਾਲ, ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਉਨ੍ਹਾਂ ਨੇ ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੁਆਰਾ ਕੀਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਨੂੰ "ਭਾਰਤ ਦੇ ਸੰਵਿਧਾਨ ਦੇ ਪਿਤਾ" ਅਤੇ ਦੱਬੇ-ਕੁਚਲੇ ਲੋਕਾਂ ਲਈ ਲੜਨ ਵਾਲੇ ਮਹਾਨ ਵਿਅਕਤੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੁਆਰਾ ਦਿੱਤੀ ਗਈ ਅਨੇਕਤਾ ਵਿੱਚ ਏਕਤਾ ਦੀ ਧਾਰਨਾ ਦਾ ਮੂਲ ਸਿਧਾਂਤ ਕਈ ਚੁਣੌਤੀਆਂ ਦੇ ਬਾਵਜੂਦ ਅੱਜ ਵੀ ਬਰਕਰਾਰ ਹੈ।
ਭਾਰਤੀ ਸੰਵਿਧਾਨ ਨੂੰ ਦੁਨੀਆ ਦੇ ਸਭ ਤੋਂ ਵਧੀਆ ਸੰਵਿਧਾਨਾਂ ਵਿੱਚੋਂ ਇੱਕ ਦੱਸਦੇ ਹੋਏ, ਮੰਤਰੀ ਬੈਂਸ ਨੇ ਕਿਹਾ ਕਿ ਇਹ ਸਮਾਜ ਦੇ ਹਾਸ਼ੀਏ 'ਤੇ ਧੱਕੇ ਗਏ ਵਰਗਾਂ ਲਈ ਨਿਆਂ ਦੀ ਆਖਰੀ ਉਮੀਦ ਹੈ। "ਬਾਬਾ ਸਾਹਿਬ ਅੰਬੇਡਕਰ ਦੀ ਦੂਰਅੰਦੇਸ਼ੀ ਅਤੇ ਸੂਝਵਾਨ ਅਗਵਾਈ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰ ਨਾਗਰਿਕ, ਖਾਸ ਕਰਕੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਲਗਾਤਾਰ ਰੱਖਿਆ ਦਾ ਉਪਬੰਧ ਕੀਤਾ ਹੈ।
ਸਿੱਖਿਆ ਮੰਤਰੀ ਬੈਂਸ ਨੇ ਸੰਵਿਧਾਨ ਦੀ ਪਵਿੱਤਰ ਕਿਤਾਬ ਵਿੱਚ ਦੱਬੇ-ਕੁਚਲੇ ਵਰਗਾਂ ਦੇ ਹਿੱਤਾਂ ਦੀ ਰਾਖੀ ਦਾ ਕਾਨੂੰਨੀ ਉਪਬੰਧ ਕਰਨ ਕਰਕੇ ਡਾਕਟਰ ਅੰਬੇਡਕਰ ਨੂੰ ਮਸੀਹਾ ਦੱਸਦਿਆਂ ਕਿਹਾ ਕਿ ਸਿੱਖਿਆ ਸਾਰੇ ਭੇਦਭਾਵ ਅਤੇ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਕੁੰਜੀ ਹੈ ਅਤੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਪੱਧਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਅਪਗ੍ਰੇਡ ਕਰਕੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਤੁਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ. ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਭਰ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀਆਂ ਤਸਵੀਰਾਂ ਨੂੰ ਪ੍ਰੇਰਕਾਂ ਅਤੇ ਆਦਰਸ਼ ਵਜੋਂ ਲਗਾਇਆ ਹੈ।
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ, ਸ. ਮਾਲਵਿੰਦਰ ਸਿੰਘ ਕੰਗ ਨੇ ਡਾ. ਭੀਮ ਰਾਓ ਰਾਮਜੀ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੀ ਮਹਾਨ ਅਤੇ ਦੂਰਦਰਸ਼ੀ ਸ਼ਖਸੀਅਤ ਨੂੰ ਇੱਕ ਵਿਸ਼ੇਸ਼ ਵਰਗ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਆਪਣੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੁਆਰਾ ਬਣਾਇਆ ਗਿਆ ਸੰਵਿਧਾਨ ਸਾਰੇ ਵਰਗਾਂ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇੱਕ ਸਿਹਤਮੰਦ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਲਈ ਉਨ੍ਹਾਂ (ਡਾ. ਬੀ. ਆਰ. ਅੰਬੇਡਕਰ) ਦੇ ਸਾਹਿਤ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ, ਵਿਦਿਆਰਥਣਾਂ ਅਮਨਪ੍ਰੀਤ ਕੌਰ (ਆਰ.ਬੀ.ਯੂ. ਤੋਂ ਬੀ.ਡੀ.ਐਸ. ਕਰ ਰਹੀ) ਅਤੇ ਰਜਨੀ (ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ ਤੋਂ ਮਾਡਰਨ ਆਫਿਸ ਪ੍ਰੈਕਟਿਸ ਵਿੱਚ ਡਿਪਲੋਮਾ) ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਕਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕੀਤੀ ਹੈ। ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ ਤੋਂ ਡਾ. ਰਵਿੰਦਰ ਕੁਮਾਰ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਤੋਂ ਡਾ. ਰਮਨਦੀਪ ਕੌਰ ਨੇ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਸਫਲਤਾ ਦੀਆਂ ਕਹਾਣੀਆਂ ਸੁਣਾਈਆਂ।
ਸਿੱਖਿਆ ਮੰਤਰੀ ਨੇ ਇਸ ਮੌਕੇ ਸੱਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਪੰਜ ਲਾਭਪਾਤਰੀਆਂ ਨੂੰ ਅਸ਼ੀਰਵਾਦ (ਸ਼ਗਨ) ਸਕੀਮ ਦੇ ਪ੍ਰਵਾਨਗੀ ਪੱਤਰ ਵੀ ਸੌਂਪੇ। ਜ਼ਿਕਰਯੋਗ ਹੈ ਕਿ ਇਸ ਸਾਲ ਜ਼ਿਲ੍ਹੇ ਵਿੱਚ 7461 ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਮਨਜ਼ੂਰੀ ਅਤੇ 790 ਪਰਿਵਾਰਾਂ ਨੂੰ 4.29 ਕਰੋੜ ਰੁਪਏ ਦੀ ਅਸ਼ੀਰਵਾਦ ਸਕੀਮ ਦਾ ਲਾਭ ਦਿੱਤਾ ਗਿਆ ਹੈ।
ਇਸ ਮੌਕੇ ਮੌਜੂਦ ਪ੍ਰਮੁੱਖ ਸ਼ਖਸੀਅਤਾਂ ਵਿੱਚ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ, ਪ੍ਰਭਜੋਤ ਕੌਰ, ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ, ਪਰਮਿੰਦਰ ਸਿੰਘ ਗੋਲਡੀ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਰੁਜ਼ਗਾਰ ਅਧਿਕਾਰੀ ਅਸ਼ੀਸ਼ ਕਥੂਰੀਆ ਸ਼ਾਮਲ ਸਨ ਜਦੋਂ ਕਿ ਪ੍ਰੋਫੈਸਰ ਸਿਮਰ ਸ਼ੇਰਗਿੱਲ ਨੇ ਆਰ ਬੀ ਯੂ ਵੱਲੋਂ ਧੰਨਵਾਦ ਕੀਤਾ।