43 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਜਲੰਧਰ ਬਾਈਪਾਸ ਤੋਂ ਫਗਵਾੜਾ ਚੌਂਕ ਤੱਕ ਸੜਕ ਦੀ ਰਿਪੇਅਰ: ਬ੍ਰਮ ਸ਼ੰਕਰ ਜਿੰਪਾ
43 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਜਲੰਧਰ ਬਾਈਪਾਸ ਤੋਂ ਫਗਵਾੜਾ ਚੌਂਕ ਤੱਕ ਸੜਕ ਦੀ ਰਿਪੇਅਰ: ਬ੍ਰਮ ਸ਼ੰਕਰ ਜਿੰਪਾ
2.34 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗਾ ਸ਼ੇਰਗੜ੍ਹ ਪਿੰਡ ਦਾ ਮਾੜੀ ਹਾਲਤ ਵਾਲਾ ਪੁਲ, ਟੈਂਡਰ ਪ੍ਰਕਿਰਿਆ ਸ਼ੁਰੂ
ਹੁਸ਼ਿਆਰਪੁਰ, 2 ਅਪ੍ਰੈਲ: ਸਥਾਨਕ ਜਲੰਧਰ ਬਾਈਪਾਸ ਤੋਂ ਫਗਵਾੜਾ ਚੌਂਕ ਤੱਕ ਸੜਕ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਬੀਤੇ ਦਿਨੀ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਕੀਤੇ ਦੌਰੇ ਉਪਰੰਤ ਸੜਕ ਦੀ ਰਿਪੇਅਰ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਲਈ ਸੁਖਾਲੀ ਆਵਾਜਾਈ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 43 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਮੁਕੰਮਲ ਰਿਪੇਅਰ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਜ ਕੁਝ ਹੀ ਦਿਨਾਂ ਵਿਚ ਨੇਪਰੇ ਚੜ੍ਹਨ ਉਪਰੰਤ ਲੋਕਾਂ ਲਈ ਇਸ ਰੂਟ ‘ਤੇ ਆਉਣਾ-ਜਾਣਾ ਹੋਰ ਸੌਖਾ ਹੋ ਜਾਵੇਗਾ।
ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਪੁਲ ਦੀ ਮਾੜੀ ਹਾਲਤ ਬਾਰੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 2.34 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੰਮ ਮੁਕੰਮਲ ਹੋਵੇਗਾ ਜਿਸ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਚਿਰੋਕਲੀ ਮੰਗ ਸੀ ਕਿ ਇਸ ਪੁਲ ਨੂੰ ਬਣਵਾਇਆ ਜਾਵੇ ਜੋ ਕਿ ਆਉਂਦੇ ਕੁਝ ਹਫ਼ਤਿਆਂ ਵਿਚ ਪੂਰੀ ਹੋ ਜਾਵੇਗੀ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਭਰ ਸ਼ਹਿਰੀ ਖੇਤਰ ਵਿਚ ਨਾਗਰਿਕਾਂ ਨੂੰ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੀਆਂ-ਵੱਡੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 166 ਕਸਬਿਆਂ ਵਿਚ ਸਾਫ਼-ਸਫਾਈ, ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਇਕਸਾਰ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਬਜਟ ਵਿਚ ਮਿਊਂਸਪਲ ਡਿਵੈਲਪਮੈਂਟ ਫੰਡ ਤਹਿਤ 225 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਖੇਤਰ ਵਿਚ ਲੋੜੀਂਦਾ ਵਿਕਾਸ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।