ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਕੇਸ ਚ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ‘ਤੇ ਜਾਂਚ ਦਾ ਘੇਰਾ ਵਧਾਇਆ- ਵਰੁਣ ਸ਼ਰਮਾ
ਡਰੱਗ ਤਸਕਰੀ ਕੇਸ: ਬਿਕਰਮ ਮਜੀਠੀਆ ਕੇਸ ਚ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਉਣ ‘ਤੇ ਜਾਂਚ ਦਾ ਘੇਰਾ ਵਧਾਇਆ- ਵਰੁਣ ਸ਼ਰਮਾ
-ਸਿੱਟ ਮੈਂਬਰ ਨੇ ਕਿਹਾ, ਵਿਦੇਸ਼ ਬੈਠੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਹਰ ਹੀਲਾ ਵਰਤਾਂਗੇ
-ਕੱਲ੍ਹ ਫੇਰ ਹੋਵੇਗੀ ਮਜੀਠੀਆ ਤੋਂ ਪਟਿਆਲੇ ਚ ਪੁੱਛਗਿੱਛ
ਚੰਡੀਗੜ /ਪਟਿਆਲਾ, 17 ਮਾਰਚ:
ਬਿਕਰਮ ਸਿੰਘ ਮਜੀਠੀਆ ਕੇਸ ਦੀ ਸਿਟ ਦੇ ਮੈਂਬਰ ਤੇ ਸੀਨੀਅਰ ਆਈ.ਪੀ.ਐਸ ਅਫਸਰ ਸ੍ਰੀ ਵਰੁਣ ਸ਼ਰਮਾ ਨੇ ਅੱਜ ਸ਼ਾਮ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸਾ ਕੀਤਾ ਕਿ ਸਿਟ ਵਲੋਂ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਡਰੱਗਜ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਸਵਾਲ ਜਵਾਬ ਕੀਤੇ ਗਏ ਹਨ ਅਤੇ ਇਹ ਪੁੱਛਗਿੱਛ 18 ਮਾਰਚ ਨੂੰ ਵੀ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਟ ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦੇ ਹੋਏ ਵਿਦੇਸ਼ਾਂ ਵਿੱਚ ਹੋਏ ਵਿੱਤੀ ਲੈਣ ਦੇਣ ਨੂੰ ਵੀ ਸ਼ਾਮਲ ਕੀਤਾ ਹੈ, ਕਿਉਂਕਿ ਇਹ ਸਿਟ ਵਿਤੀ ਲੈਣ ਦੇਣ ਦੀ ਪਹਿਲਾਂ ਹੀ ਜਾਂਚ ਕਰ ਰਹੀ ਸੀ।ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਵਿਦੇਸ਼ਾਂ ਵਿੱਚ ਹਨ, ਜਿਨ੍ਹਾਂ ਨੂੰ ਤਫਤੀਸ਼ ਵਿੱਚ ਸ਼ਾਮਲ ਕਰਵਾਉਣ ਤੇ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਕਰਵਾਉਣ ਲਈ ਸਿਟ ਵਲੋਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਬਲੂ ਕਾਰਨਰ ਨੋਟਿਸ ਸਮੇਤ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਸ੍ਰੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਨਾਮਜਦ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਫਰਮਾਂ ਦੀਆਂ ਸ਼ੱਕੀ ਵਿੱਤੀ ਲੈਣ ਦੇਣ ਦੇ ਸੂਤਰ ਸਿਟ ਨੇ ਲੱਭੇ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦਾ ਇਹ ਮਾਮਲਾ ਹੈ, ਉਸ ਸਮੇਂ ਇਨ੍ਹਾਂ ਫਰਮਾਂ ਵਿੱਚ ਵੱਡੀ ਮਾਤਰਾ ਵਿੱਚ ਕੈਸ਼ ਜਮ੍ਹਾਂ ਹੋਇਆ ਹੈ ਅਤੇ ਬਾਹਰੀ ਮੁਲਕਾਂ ਦੀਆਂ ਕੰਪਨੀਆਂ ਨਾਲ ਵੀ ਟਰਾਂਜੈਕਸ਼ਨਜ ਹੋਈਆਂ ਹਨ। ਇਨ੍ਹਾਂ ਟਰਾਂਜੈਕਸ਼ਨਜ ਬਾਰੇ ਤੇ ਨਗਦੀ ਜਮ੍ਹਾਂ ਹੋਣ ਬਾਰੇ ਸਮੇਤ ਇਨ੍ਹਾਂ ਵਿੱਚ ਵਿਤੀ ਸਰੋਤਾਂ ਵਿੱਚ ਹੋਏ ਇੱਕਦੰਮ ਵਾਧੇ ਬਾਰੇ ਵੀ ਸਿਟ ਵਲੋਂ ਸਵਾਲ ਜਵਾਬ ਕੀਤੇ ਗਏ ਹਨ। ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਬਾਰੇ ਹੋਰ ਸਵਾਲ ਜਵਾਬ ਕਰਨ ਬਾਰੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਰੇਕ ਐਨ ਡੀ ਪੀ ਐਸ ਐਕਟ ਤਹਿਤ ਦਰਜ ਮਾਮਲੇ ਦੀ ਬੜੀ ਸੰਜੀਦਗੀ ਤੇ ਡੁੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਹੈ ਅਤੇ ਇਸ ਕੇਸ ਵਿੱਚ ਵੀ ਸਿਟ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਤੇ ਵਿਦੇਸ਼ ਵਿਚ ਸਾਰੇ ਵਿੱਤੀ ਲੈਣ ਤੇ ਦੇਣ ਦੀ ਵੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਬਾਕੀ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਵੀ ਹਰੇਕ ਉਪਰਾਲਾ ਕੀਤਾ ਜਾ ਰਿਹਾ ਹੈ।
© 2022 Copyright. All Rights Reserved with Arth Parkash and Designed By Web Crayons Biz