ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨੰਨ੍ਹੇ ਟਾਈਗਰ 'ਅਭੈ' ਤੇ 'ਆਰਿਅਨ'
ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨੰਨ੍ਹੇ ਟਾਈਗਰ 'ਅਭੈ' ਤੇ 'ਆਰਿਅਨ'
ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੈਮੀ ਓਪਨ ਏਰੀਏ ਵਿੱਚ ਛੱਡੇ ਗਏ ਨੰਨ੍ਹੇ ਟਾਈਗਰ
ਵੈਟਰਨਰੀ ਹਸਪਤਾਲ ਦਾ ਨਵੀਨੀਕਰਨ ਸਮੇਤ ਹੋਰ ਪ੍ਰੋਜੈਕਟਾਂ ਦਾ ਉਦਘਾਟਨ
ਜੰਗਲੀ ਜੀਵ ਸੁਰੱਖਿਆ ਵਿਭਾਗ ਵੰਨ ਸੁਵੰਨੀਆਂ ਗਤੀਵਿਧੀਆਂ ਰਾਹੀਂ ਜੰਗਲੀ ਜੀਵਾਂ ਦੀ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ ਲਈ ਲਗਾਤਾਰ ਯਤਨਸ਼ੀਲ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ, ਫਰਵਰੀ 19:
ਪੰਜਾਬ ਵਿੱਚ ਜੰਗਲਾਤ ਅਤੇ ਜੰਗਲੀ ਜੀਵਾਂ ਦੇ ਢੁਕਵੇਂ ਰੱਖ ਰਖਾਅ ਨੂੰ ਯਕੀਨੀ ਬਣਾਉਣ ਦੀ ਨੀਤੀ ਨੂੰ ਅੱਗੇ ਤੋਰਦੇ ਹੋਏ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਛੱਤਬੀੜ ਚਿੜੀਆਘਰ ਵਿਖੇ ਨਵ ਜੰਮੇ ਟਾਈਗਰ ਦੇ ਬੱਚਿਆਂ ਨੂੰ ਇਨਟੈਂਸਿਵ ਕੇਅਰ ਵਿੱਚੋਂ ਵੱਡੇ ਘਰ (ਕਰਾਲ) ਵਿੱਚ ਛੱਡਿਆ। ਇਹ ਜਿਕਰਯੋਗ ਹੈ ਕਿ ਮਾਦਾ ਗੌਰੀ (ਚਿੱਟੀ ਟਾਈਗਰ) ਅਤੇ ਨਰ ਅਰਜੁਨ (ਪੀਲਾ ਟਾਈਗਰ) ਦੇ ਆਪਸੀ ਮੇਲ ਨਾਲ ਅਕਤੂਬਰ 31, 2024 ਨੂੰ ਦਿਵਾਲੀ ਵਾਲੀ ਰਾਤ ਤਕਰੀਬਨ 12 ਵਜੇ ਦੋ ਬੱਚੇ ਜਿੰਨ੍ਹਾ ਵਿੱਚ ਇੱਕ ਚਿੱਟਾ ਅਤੇ ਇੱਕ ਪੀਲਾ ਸੀ, ਦਾ ਜਨਮ ਹੋਇਆ। ਮੰਤਰੀ ਨੇ ਦੱਸਿਆ ਕਿ ਇਹ ਦੋਵੇ ਬੱਚੇ ਤੰਦਰੁਸਤ ਹਨ ਅਤੇ ਇਹਨਾਂ ਨੂੰ ਇੱਕ ਵੈਕਸਿਨ ਹੋਰ ਦੇਣ ਉਪਰੰਤ ਆਮ ਦਰਸ਼ਕਾਂ ਦੇ ਦੇਖਣ ਲਈ ਪਿੰਜਰੇ (ਐਨਕਲੋਜ਼ਰ) ਵਿੱਚ ਛੱਡਿਆ ਜਾਵੇਗਾ।
ਇਸ ਤੋਂ ਇਲਾਵਾ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਵਿਖੇ ਸਾਲ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੇ ਫੰਡਾਂ ਵਿੱਚੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਵਿੱਚੋਂ ਹੇਠ ਲਿਖੇ ਕੰਮ ਪੂਰੇ ਹੋਣ ਉਪਰੰਤ ਉਦਘਾਟਨ ਕੀਤਾ। ਇਨ੍ਹਾਂ ਵਿੱਚ ਵੈਟਰਨਰੀ ਹਸਪਤਾਲ ਦੇ ਪੁਰਾਣੇ ਪ੍ਰਸ਼ਾਸਨਿਕ ਬਲਾਕ ਦਾ ਨਵੀਨੀਕਰਨ ਹੋਣ ਉਪਰੰਤ ਉਦਘਾਟਨ ਸ਼ਾਮਿਲ ਸੀ। ਇਸ ਵਿੱਚ ਇੱਕ ਸੀਨੀਅਰ ਵੈਟਰਨਰੀ ਅਫਸਰ ਦਾ ਦਫਤਰ, ਵੈਟਰਨਰੀ ਇੰਸਪੈਕਟਰ ਦਾ ਦਫਤਰ, ਵੈਟਰਨਰੀ ਸਟਾਫ ਦਾ ਕਮਰਾ, ਲੈਬੋਰੇਟਰੀ-1 ਅਤੇ ਲੈਬੋਰੇਟਰੀ-2, ਡਿਸਪੈਂਸਰੀ, ਰਿਸਰਚ ਰੂਮ, ਪੈਂਟਰੀ ਅਤੇ ਦੋ ਵਾਸ਼ਰੂਮ ਸਾਮਿਲ ਹਨ।
ਇਸ ਤੋਂ ਇਲਾਵਾ 3500 ਵਰਗਮੀਟਰ ਸਰਵਿਸ ਸਰਕੂਲੇਸ਼ਨ ਪਾਥ ਦਾ ਕੰਮ ਪੂਰਾ ਹੋਣ ਉਪਰੰਤ ਸਰਵਿਸ ਪਾਥ ਨੂੰ ਸਟਾਫ ਦੇ ਆਉਣ ਜਾਣ ਲਈ, ਫੀਡ ਫੋਡਰ ਦੇ ਵਾਹਨ ਅਤੇ ਬੈਸਟ ਐਨੀਮਲ ਮੈਨੇਜਮੈਂਟ ਪ੍ਰੈਕਟਿਸ ਲਾਗੂ ਕਰਨ ਵਾਸਤੇ ਸਰਵਿਸ ਪਾਥ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ। ਇਸ ਨਾਲ ਜਾਨਵਰਾਂ ਜਾਂ ਆਮ ਜਨਤਾ ਨੂੰ ਬਿਨਾਂ ਔਕੜ ਤੋਂ ਜਾਨਵਰਾਂ ਦੇ ਘਰਾਂ ਵਿੱਚ ਫੀਡ/ਚਾਰਾ ਆਦਿ ਦੀ ਸਪਲਾਈ ਕੀਤੀ ਜਾ ਸਕੇਗੀ। ਇਹ ਇੱਕ ਆਧੁਨਿਕ ਚਿੜੀਆਘਰ ਦੀ ਨਿਸ਼ਾਨੀ ਹੈ। ਇੰਨਾ ਹੀ ਨਹੀਂ ਸਗੋਂ 3200 ਵਰਗਮੀਟਰ ( 800 ਮੀਟਰ ਲੰਬਾਂ ਅਤੇ 4 ਮੀਟਰ ਚੌੜਾ) ਲੰਬਾ ਵਿਜੀਟਰ ਪਾਥ ਦਰਸ਼ਕਾਂ ਦੀ ਸਹੂਲਤ ਲਈ ਵੱਖ ਵੱਖ ਪਿੰਜਰਿਆਂ ਦੇ ਸਾਹਮਣੇ ਬਣਾਇਆ ਗਿਆ ਹੈ, ਉਹ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਤੋਂ ਛੁੱਟ ਚਿੜੀਆਘਰ ਛੱਤਬੀੜ ਵਿਖੇ ਰਾਤ ਸਮੇਂ ਕੰਮ ਕਰਨ ਵਾਲੇ ਚੌਕੀਦਾਰਾਂ ਵਾਸਤੇ ਨਵੇਂ ਬਣੇ ਦੋ ਨਾਈਟ ਸੈਲਟਰ ਦਾ ਉਦਘਾਟਨ ਕੀਤਾ ਅਤੇ ਸਟਾਫ ਨੂੰ ਸਮਰਪਿਤ ਕੀਤਾ ਅਤੇ ਪੰਜਾਬ ਜ਼ੂਜ਼ ਡਿਵੈਲਪਮੈਂਟ ਸੋਸਾਇਟੀ ਦੇ ਲੋਗੋ ਦੀ ਵੀ ਘੁੰਡ ਚੁਕਾਈ ਕੀਤੀ ਗਈ।
ਇਸਤੋਂ ਇਲਾਵਾ ਮੰਤਰੀ ਵੱਲੋਂ ਪਾਰਕਿੰਗ ਸਟੈਂਡ ਫਾਰ ਵਾਈਲਡਲਾਈਫ ਸਫਾਰੀ ਬੱਸਾਂ, ਵਿਜੀਟਰ ਸ਼ੈਲਟਰ ਨੇੜੇ ਲਾਇਨ ਸਫਾਰੀ ਕੰਟੀਨ ਅਤੇ ਸ਼ੈਲੋਲੇਕ ਕੰਟੀਨ, ਮਗਰਮੱਛ ਇਨਕਲੋਜਰ, ਪਾਰਕਿੰਗ ਸਟੈਂਡ ਫਾਰ ਬੈਟਰੀ ਓਪਰੇਟਡ ਵਹੀਕਲ (ਬੀ.ਓ.ਟੀ.) ਅਤੇ ਫੀਡਿੰਗ ਪਲੇਟਫਾਰਮ ਫਾਰ ਅੰਗੂਲੇਟਸ ਇਨ ਡੀਅਰ ਸਫਾਰੀ ਆਦਿ ਕੰਮਾਂਦਾ ਨਿਰੀਖਣ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਕਟਾਰੂਚੱਕ ਨੇ ਦੱਸਿਆ ਕਿ ਚਿੜੀਆਘਰ ਛੱਤਬੀੜ ਸਮੇਂ ਸਮੇਂ ਸਿਰ ਲੋਕਾਂ ਵਿੱਚ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਵੱਖੋ ਵੱਖਰੀਆਂ ਗਤੀਵਿਧੀਆਂ ਕਰਦਾ ਰਹਿੰਦਾ ਹੈ, ਜਿਸ ਵਿੱਚ ਖੂਨਦਾਨ ਕੈਂਪ, ਦੌੜ ਮੁਕਾਬਲਾ (ਰਨ ਫਾਰ ਵਾਈਲਡ), ਜੂ ਐਜੂਕੇਸ਼ਨ ਪ੍ਰੋਗਰਾਮ ਆਦਿ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਨਾਲ ਬੱਚਿਆਂ, ਨੌਜਵਾਨਾਂ ਅਤੇ ਆਮ ਜਨਤਾ ਨੂੰ ਜੰਗਲੀ ਜੀਵਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ।
ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਸ਼੍ਰੀ ਧਰਮਿੰਦਰ ਸ਼ਰਮਾ, ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨੀਰਜ ਕੁਮਾਰ, ਮੁੱਖ ਵਣਪਾਲ ਜੰਗਲਾਤ (ਜੰਗਲੀ ਜੀਵ) ਸਾਗਰ ਸੇਤੀਆ ਆਦਿ ਵੀ ਹਾਜ਼ਿਰ ਸਨ।
----------