ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰ ਗਠਨ, ਫਖ਼ਰ ਜ਼ਮਾਨ ਚੇਅਰਮੈਨ ਤੇ ਡਾ ਸੁਗਰਾ ਸਦਫ਼ ਪ੍ਰਧਾਨ ਬਣੇ
ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰ ਗਠਨ, ਫਖ਼ਰ ਜ਼ਮਾਨ ਚੇਅਰਮੈਨ ਤੇ ਡਾ ਸੁਗਰਾ ਸਦਫ਼ ਪ੍ਰਧਾਨ ਬਣੇ
ਡਾ ਦੀਪਕ ਮਨਮੋਹਨ ਸਿੰਘ ਭਾਰਤੀ ਚੈਪਟਰ ਦੇ ਪ੍ਰਧਾਨ ਤੇ ਸਹਿਜਪ੍ਰੀਤ ਸਿੰਘ ਮਾਂਗਟ ਸਕੱਤਰ ਜਨਰਲ ਬਣੇ
ਚੰਡੀਗੜ੍ਹ, 4 ਫ਼ਰਵਰੀ
ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀ ਸਭ ਤੋਂ ਪੁਰਾਣੀ ਅਤੇ ਅਹਿਮ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਜਿਸ ਦਾ ਮੁੱਖ ਦਫ਼ਤਰ ਲਾਹੌਰ ਵਿਖੇ ਸਥਿਤ ਹੈ, ਦਾ ਅੱਜ ਨਵੇਂ ਸਿਰੇ ਤੋਂ ਪੁਨਰ ਗਠਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਫ਼ਖ਼ਰ ਜ਼ਮਾਨ ਮੁੜ ਚੇਅਰਮੈਨ ਚੁਣੇ ਗਏ ਜਦੋਂਕਿ ਡਾ ਸੁਗਰਾ ਸਦਫ਼ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਡਾ ਸੁਗਰਾ ਸਦਫ਼ ਪੰਜਾਬ ਭਾਸ਼ਾਵਾਂ ਤੇ ਸੱਭਿਆਚਾਰ ਦੇ ਲੰਬਾ ਸਮਾਂ ਡਾਇਰੈਕਟਰ ਰਹੇ ਹਨ ਅਤੇ ਅੱਜ ਕੱਲ੍ਹ ਲਾਹੌਰ ਦੀਆਂ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਦੇ ਧੁਰੇ ਵਜੋਂ ਜਾਣੇ ਜਾਂਦੇ ਹਨ।ਇਸਲਾਮਾਬਾਦ ਰਹਿੰਦੇ ਵੱਡੇ ਲੇਖਕ ਡਾ ਅਮਜਦ ਅਲੀ ਭੱਟੀ ਨੂੰ ਮੀਤ ਪ੍ਰਧਾਨ, ਲਾਹੌਰ ਵਿਖੇ ਸਾਹਿਤਕ ਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਾਲਿਦ ਏਜਾਜ਼ ਮੁਫਤੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੁਹੰਮਦ ਜ਼ਮੀਲ ਨੂੰ ਸੰਯੁਕਤ ਸਕੱਤਰ, ਐਮ ਆਰ ਸ਼ਾਹਿਦ ਨੂੰ ਪ੍ਰੈਸ ਸਕੱਤਰ, ਸਈਅਦ ਜ਼ਕੀ ਜ਼ੈਦੀ ਨੂੰ ਕੋਆਰਡੀਨੇਟਰ ਅਤੇ ਮੀਆਂ ਰਹਿਮਤ ਨੂੰ ਦਫ਼ਤਰ ਸੱਕਤਰ ਲਗਾਇਆ ਗਿਆ ਹੈ।
ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਨ ਵੱਲੋਂ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦਾ ਵੀ ਪੁਨਰ ਗਠਨ ਕੀਤਾ ਗਿਆ ਹੈ। ਚੜ੍ਹਦੇ ਪੰਜਾਬ ਵਿੱਚ ਅਤੇ ਵਿਸ਼ਵ ਭਰ ਵਿੱਚ ਵਿਸ਼ਵ ਪੰਜਾਬੀ ਕਾਂਫਰਰੰਸਾਂ ਦੇ ਮੁੱਢ ਬੰਨ੍ਹਣ ਵਾਲੇ ਡਾ ਦੀਪਕ ਮਨਮੋਹਨ ਸਿੰਘ ਨੂੰ ਮੁੜ ਭਾਰਤੀ ਚੈਪਟਰ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾ ਦੀਪਕ ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਤੌਰ ਪ੍ਰੋਫੈਸਰ ਪੰਜਾਬੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੁਨੀਵਰਸਟੀ ਪਟਿਆਲਾ ਅਤੇ ਹੋਰ ਕਈ ਅਹਿਮ ਅਹੁਦਿਆਂ ਤੇ ਤਾਇਨਾਤ ਰਹੇ ਹਨ।ਉੱਘੇ ਪੰਜਾਬੀ ਲੇਖਕ ਅਤੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਇਸ ਸੰਸਥਾ ਦੇ ਸਕੱਤਰ ਜਨਰਲ ਬਣਾਇਆ ਗਿਆ ਹੈ ਜਿਸ ਦੇ ਨਾਲ ਨਾਲ ਉਹ ਵਿਸ਼ਵ ਪੰਜਾਬੀ ਕਾਂਗਰਸ ਦੇ ਚੀਫ ਕੋਆਰਡੀਨੇਟਰ ਵੀ ਹੋਣਗੇ। ਲਾਹੌਰ ਵਿਖੇ ਹੋਈਆਂ ਪਿਛਲੀਆਂ ਕਈ ਕਾਨਫਰੰਸਾਂ ਦੀ ਭਾਰਤ ਵੱਲੋਂ ਅਗਵਾਈ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤੀ ਹੈ ਅਤੇ ਇਨ੍ਹਾਂ ਕਾਨਫਰੰਸਾਂ ਨੂੰ ਸਫਲ ਕਾਰਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਵਿਸ਼ਵ ਪੰਜਾਬੀ ਕਾਂਗਰਸ ਭਾਰਤੀ ਚੈਪਟਰ ਦੀਆਂ ਬਾਕੀ ਅਹੁਦੇਦਾਰੀਆਂ ਤੇ ਨਿਯੁਕਤੀਆਂ ਦੇ ਅਧਿਕਾਰ ਪ੍ਰਧਾਨ ਅਤੇ ਸਕੱਤਰ ਜਨਰਲ ਨੂੰ ਦਿੱਤੇ ਗਏ ਹਨ ਅਤੇ ਇਹ ਨਿਯੁਕਤੀਆਂ ਆਉਂਦੇ ਕੁਝ ਦਿਨਾਂ ਵਿਚ ਕੀਤੀਆਂ ਜਾਣਗੀਆਂ।
ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕੇ ਹੁਣ ਤੱਕ 34 ਕਾਨਫਰੰਸਾਂ ਹੋ ਚੁਕੀਆਂ ਹਨ 34ਵੀਂ ਕਾਨਫਰੰਸ ਹਾਲ ਹੀ ਵਿੱਚ ਲਾਹੌਰ ਵਿਖੇ ਹੋਈ ਸੀ। ਹੁਣ 35ਵੀਂ ਕਾਨਫਰੰਸ ਅੰਮ੍ਰਿਤਸਰ ਵਿਖੇ 10 ਤੋਂ 12 ਅਕਤੂਬਰ 2025 ਤੱਕ ਹੋਵੇਗੀ ਜਿਸ ਵਿੱਚ ਹੋਰਨਾਂ ਮੁਲਕਾਂ ਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਕਰੀਬ 40 ਸਾਹਿਤਕਾਰ ਅਤੇ ਲੇਖਕ ਹਿੱਸਾ ਲੈਣਗੇ।