ਪ੍ਰਧਾਨ ਮੰਤਰੀ ਨੇ ਸਵਾਮੀਤਵ ਯੋਜਨਾ ਅਧੀਨ ਸੰਪਤੀ ਕਾਰਡ ਵੰਡਣ ਦੀ ਵਰਚੂਅਲ ਪ੍ਰੋਗਰਾਮ ਰਾਹੀਂ ਕੀਤੀ ਸ਼ੁਰੂਆਤ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ।
ਪ੍ਰਧਾਨ ਮੰਤਰੀ ਨੇ ਸਵਾਮੀਤਵ ਯੋਜਨਾ ਅਧੀਨ ਸੰਪਤੀ ਕਾਰਡ ਵੰਡਣ ਦੀ ਵਰਚੂਅਲ ਪ੍ਰੋਗਰਾਮ ਰਾਹੀਂ ਕੀਤੀ ਸ਼ੁਰੂਆਤ
ਬਠਿੰਡਾ ਵਿਖੇ ਵੰਡੇ ਗਏ 50 ਸੰਪਤੀ ਕਾਰਡ : ਵਧੀਕ ਡਿਪਟੀ ਕਮਿਸ਼ਨਰ
ਬਠਿੰਡਾ, 18 ਜਨਵਰੀ : ਸਵਾਮੀਤਵ ਯੋਜ਼ਨਾ ਦੇ ਤਹਿਤ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੇਂਡੂ ਖੇਤਰ ਦੇ ਜ਼ਮੀਨ ਮਾਲਕਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਦੀ ਸ਼ੁਰੂਆਤ ਵਰਚੂਅਲ ਪ੍ਰੋਗਰਾਮ ਰਾਹੀਂ ਕੀਤੀ ਗਈ। ਇਸੇ ਪ੍ਰੋਗਰਾਮ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕਰਵਾਏ ਗਏ ਪ੍ਰੋਗ੍ਰਾਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਵੱਲੋਂ 50 ਵਿਅਕਤੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇ ਕੇ ਉਹਨਾਂ ਨੂੰ ਸ਼ਕਤੀ ਭਰਪੂਰ ਕਰਾਉਣਾ ਹੈ। ਉਹਨਾਂ ਦੱਸਿਆ ਕਿ ਇਸ ਯੋਜਨਾ ਵਿੱਚ ਡਰੋਨ ਤਕਨੀਕ ਦੇ ਰਾਹੀਂ ਜਮੀਨ ਦੀ ਪੈਮਾਇਸ਼ ਅਤੇ ਉਸ ਜਮੀਨ ਦੇ ਮਾਲਕਾਂ ਦਾ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਜਮੀਨ ਮਾਲਕ ਨੂੰ ਇੱਕ ਸੰਪਤੀ ਕਾਰਡ ਦਿੱਤਾ ਜਾਂਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਜ਼ਿਲੇ ਭਰ ਵਿੱਚ 4500 ਦੇ ਕਰੀਬ ਸੰਪਤੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ। ਇਹ ਕਾਰਡ ਜਮੀਨ ਦੇ ਮਾਲਕਾਂ ਲਈ ਵਿੱਤੀ-ਸੇਵਾਵਾਂ ਲੈਣ ਲਈ ਵਰਦਾਨ ਸਾਬਿਤ ਹੋ ਰਹੇ ਹਨ।
ਇਸ ਪ੍ਰੋਗਰਾਮ ਦੌਰਾਨ ਹਾਜ਼ਰੀਨ ਲਈ ਇਸ ਯੋਜਨਾ ਦੀ ਮੁਕੰਮਲ ਜਾਣਕਾਰੀ ਮੁਹਈਆ ਕਰਵਾਉਣ ਲਈ ਸ੍ਰੀ ਸੁਰੇਸ਼ ਗੌੜ ਵੱਲੋਂ ਇੱਕ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਟ੍ਰੇਨਿੰਗ ਦੌਰਾਨ "ਸਵਾਮੀਤਵ ਯੋਜਨਾ" ਦੇ ਫਾਇਦੇ ਅਤੇ 'ਮੇਰੀ ਪੰਚਾਇਤ ਐਪ' ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹ ਐਪ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ, ਪੰਚਾਂ, ਸਰਪੰਚਾਂ ਆਦਿ ਲਈ ਤਿਆਰ ਕੀਤੀ ਗਈ ਹੈ। ਇਸ ਐਪ ਰਾਹੀਂ ਕੋਈ ਵੀ ਨਾਗਰਿਕ ਪਿੰਡਾਂ ਨਾਲ ਸਬੰਧਤ ਅਹਿਮ ਜਾਣਕਾਰੀਆਂ ਜਿਵੇਂ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਉਪਲਬਧ ਫ਼ੰਡਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਪ੍ਰੋਗ੍ਰਾਮ ਦੌਰਾਨ ਹਾਜ਼ਰੀਨ ਨੂੰ ਪਿੰਡਾਂ ਦੀ ਸਾਫ-ਸਫਾਈ ਰੱਖਣ ਅਤੇ ਪਿੰਡਾਂ ਨੂੰ ਨਸ਼ਾ ਮੁਕਤ ਰੱਖਣ ਲਈ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਰਾਮਪੁਰਾ-ਕਮ-ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਸ਼੍ਰੀ ਸੰਦੀਪ ਗੁਪਤਾ, ਤਹਿਸੀਲਦਾਰ ਮੈਡਮ ਦਿਵਿਆ ਸਿੰਗਲਾ, ਡੀ.ਡੀ.ਐਫ ਸ਼੍ਰੀ ਸੁਜੀਤ ਕਿਸ਼ਨ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚੋਂ ਪਹੁੰਚੇ ਲਾਭਪਾਤਰੀ ਅਤੇ ਮੋਹਤਵਰ ਵਿਅਕਤੀ ਆਦਿ ਸ਼ਾਮਿਲ ਸਨ।