ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024
ਮੁੱਖ ਮੰਤਰੀ ਦਫਤਰ, ਪੰਜਾਬ
ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024
ਮੁੱਖ ਮੰਤਰੀ ਦੀ ਅਗਵਾਈ ‘ਚ ਪੰਜਾਬ ਨੇ ਖੇਡਾਂ ਵਿੱਚ ਸਾਨਦਾਰ ਪ੍ਰਾਪਤੀਆਂ ਕੀਤੀਆਂ
ਮੁੱਖ ਮੰਤਰੀ ਨੇ ਪੰਜਾਬ ਵਿੱਚ ਖਿਡਾਰੀਆਂ ਨੂੰ ਮੁਕਾਬਲੇ ਦੀ ਤਿਆਰੀ ਲਈ ਅਗਾਊਂ ਰਾਸੀ ਦਾ ਉਪਰਾਲਾ ਸੁਰੂ ਕੀਤਾ
ਪੈਰਿਸ ਉਲੰਪਿਕਸ ਵਿੱਚ ਦੇਸ ਦੇ 100 ਖਿਡਾਰੀਆਂ ਵਿੱਚੋਂ 19 ਇਕੱਲੇ ਪੰਜਾਬ ਦੇ ਖਿਡਾਰੀ
ਕਾਂਸੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ 8 ਖਿਡਾਰੀ ਪੰਜਾਬ ਦੇ
ਪੰਜਾਬ ਦੇ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ
ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ 1000 ਖੇਡ ਨਰਸਰੀਆਂ ਸਥਾਪਤ ਹੋਣਗੀਆਂ, ਪਹਿਲੇ ਪੜਾਅ ਵਿੱਚ 260 ਨਰਸਰੀਆਂ ਬਣਾਉਣ ਦਾ ਕੰਮ ਸੁਰੂ
ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਬਣਾਇਆ
ਚੰਡੀਗੜ੍ਹ, 25 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਉਪਰਾਲਿਆਂ ਸਦਕਾ ਦੇਸ ਭਰ ਵਿੱਚੋਂ ਸਾਲ 2024 ਸੂਬੇ ਦੇ ਨਾਮ ਰਿਹਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ ਦਾ ਨੰਬਰ ਇਕ ਸੂਬਾ ਬਣਾਉਣ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਜਿਨ੍ਹਾਂ ਕੋਲ ਖੇਡ ਮਹਿਕਮਾ ਵੀ ਹੈ, ਵੱਲੋਂ ਸਾਲ 2023 ਵਿੱਚ ਬਣਾਈ ਨਵੀਂ ਖੇਡ ਨੀਤੀ ਨੂੰ ਜਮੀਨੀ ਪੱਧਰ ਉਤੇ ਲਾਗੂ ਕਰਨ ਨਾਲ ਸਾਲ 2024 ਵਿੱਚ ਇਸ ਨੀਤੀ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਾਲ ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਕੁੱਲ 100 ਖਿਡਾਰੀਆਂ ਵਿੱਚੋਂ 19 ਇਕੱਲੇ ਪੰਜਾਬ ਦੇ ਸਨ। ਇਨ੍ਹਾਂ ਵਿੱਚ 10 ਹਾਕੀ ਖਿਡਾਰੀ, ਛੇ ਨਿਸਾਨੇਬਾਜੀ, ਦੋ ਅਥਲੈਟਿਕਸ ਤੇ ਇਕ ਗੌਲਫ ਦੇ ਸਨ। ਇਸ ਤੋਂ ਇਲਾਵਾ ਤਿੰਨ ਪੰਜਾਬੀ ਖਿਡਾਰੀਆਂ ਨੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਇਕ ਪੈਰਾ ਅਥਲੀਟ, ਇਕ ਪੈਰਾ ਬੈਡਮਿੰਟਨ ਖਿਡਾਰਨ ਤੇ ਇਕ ਪੈਰਾ ਪਾਵਰ ਲਿਫਟਰ ਸਨ। ਨਵੀਂ ਖੇਡ ਨੀਤੀ ਤਹਿਤ 22 ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਕੁੱਲ 3.30 ਕਰੋੜ ਰੁਪਏ ਦਿੱਤੇ ਗਏ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਾਲ 2024 ਦੀ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਮੈਡਲ ਜਿੱਤਿਆ। ਇਸ ਵਿੱਚ 8 ਖਿਡਾਰੀ ਪੰਜਾਬ ਦੇ ਸਨ। ਮੁੱਖ ਮੰਤਰੀ ਨੇ ਪੰਜਾਬ ਦਾ ਨਾਮ ਰੌਸਨ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਪ੍ਰਤੀ ਖਿਡਾਰੀ ਇਕ ਕਰੋੜ ਰੁਪਏ ਦੇ ਇਨਾਮ ਦੇ ਹਿਸਾਬ ਨਾਲ ਕੁੱਲ 8 ਕਰੋੜ ਦੀ ਰਾਸੀ ਨਾਲ ਸਨਮਾਨਿਤ ਕੀਤਾ। ਦੋ ਪੰਜਾਬੀ ਹਾਕੀ ਖਿਡਾਰੀ ਰਿਜਰਵ ਸਨ ਜਿਨ੍ਹਾਂ ਨੂੰ 15-15 ਲੱਖ ਰੁਪਏ ਦਿੱਤੇ। ਇਸ ਤੋਂ ਇਲਾਵਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਬਾਕੀ 9 ਖਿਡਾਰੀ ਤੇ ਤਿੰਨ ਪੈਰਾ ਖਿਡਾਰੀਆਂ ਨੂੰ ਵੀ ਹਿੱਸਾ ਲੈਣ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਨਾਲ ਸਨਮਾਨਿਤ ਕੀਤਾ ।ਇਸ ਤਰ੍ਹਾਂ ਪੈਰਿਸ ਓਲੰਪਿਕਸ ਤੇ ਪੈਰਾਲੰਪਿਕਸ ਦੇ ਕੁੱਲ 22 ਪੰਜਾਬੀ ਖਿਡਾਰੀਆਂ ਨੂੰ ਤਿਆਰੀ, ਇਨਾਮ ਅਤੇ ਹਿੱਸਾ ਲੈਣ ਦੀ ਰਾਸੀ ਮਿਲਾ ਕੇ ਕੁੱਲ 13.10 ਕਰੋੜ ਰੁਪਏ ਦੀ ਰਾਸੀ ਵੰਡੀ ਗਈ। ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ 10 ਗੋਲਾਂ ਨਾਲ ਓਲੰਪਿਕਸ ਦਾ ਟਾਪ ਸਕੋਰਰ ਵੀ ਬਣਿਆ ਜਿਸ ਨੇ ਪੰਜਾਬੀਆਂ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ।
ਇਸ ਸਾਲ ਪੰਜਾਬ ਦੇ 11 ਨਾਮੀਂ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ।ਇਨ੍ਹਾਂ ਵਿੱਚ 9 ਹਾਕੀ ਖਿਡਾਰੀਆਂ ਵਿੱਚੋਂ ਚਾਰ ਖਿਡਾਰੀਆਂ ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ ਤੇ ਗੁਰਜੰਟ ਸਿੰਘ ਨੂੰ ਪੀ.ਸੀ.ਐਸ. ਅਤੇ ਪੰਜ ਹਾਕੀ ਖਿਡਾਰੀਆਂ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਮਸੇਰ ਸਿੰਘ ਤੇ ਵਰੁਣ ਕੁਮਾਰ ਅਤੇ ਇੱਕ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਇੱਕ ਕਿ੍ਰਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਲਗਾਇਆ ਗਿਆ।
ਮੁੱਖ ਮੰਤਰੀ ਨੇ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕੀਤੀ। ਇਸ ਨੀਤੀ ਤਹਿਤ ਬਿਹਤਰ ਕੋਚਿੰਗ, ਖੇਡ ਸਮਾਨ ਅਤੇ ਰਿਫਰੈਸਮੈਂਟ ਵਾਲੀਆਂ ਕਲੱਸਟਰ ਪੱਧਰ ਦੀਆਂ 1000 ਖੇਡ ਨਰਸਰੀਆਂ ਸਥਾਪਤ ਕੀਤੀਆਂ ਜਾਣੀਆਂ ਹਨ। ਸਾਲ 2024 ਵਿੱਚ ਪਹਿਲੇ ਪੜਾਅ ਵਿੱਚ 260 ਨਰਸਰੀਆਂ ਬਣਾਉਣ ਦਾ ਕੰਮ ਸੁਰੂ ਕੀਤਾ ਜਾ ਚੁੱਕਾ ਹੈ ਜੋ ਛੇਤੀ ਅਮਲ ਵਿੱਚ ਹੋਣਗੀਆਂ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸੁਰੂਆਤ ਕੀਤੀ ਗਈ ਤਾਂ ਕਿ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੱਤਾ ਜਾ ਸਕੇ। ਸਾਲ 2024 ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਤੀਜਾ ਸੀਜਨ ਸਫਲਤਾਪੂਰਵਕ ਕਰਵਾਇਆ ਗਿਆ ਜਿਸ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀਆਂ ਨੇ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਨੇ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਕਿ ਹਰੇਕ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ।
-------
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ
ਚੰਡੀਗੜ੍ਹ, 25 ਦਸੰਬਰ:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ 30ਵੀਂ ਬਰਸੀ ਮੌਕੇ ਏਕਤਾ ਸਥਲ, ਰਾਜ ਘਾਟ, ਨਵੀਂ ਦਿੱਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਦੇਸ਼ ਦੇ ਇਤਿਹਾਸ ’ਤੇ ਅਮਿੱਟ ਛਾਪ ਛੱਡਣ ਵਾਲੇ ਮਹਾਨ ਆਗੂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਦਾ ਜਨਮ 5 ਮਈ 1916 ਨੂੰ ਫਰੀਦਕੋਟ ਦੇ ਪਿੰਡ ਸੰਧਵਾਂ ਵਿਖੇ ਹੋਇਆ ਸੀ ਅਤੇ 25 ਦਸੰਬਰ 1994 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇੱਕ ਨਿਮਾਣੇ ਵਿਅਕਤੀ ਤੋਂ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਉਨ੍ਹਾਂ ਦੇ ਕੌਮ ਪ੍ਰਤੀ ਸਮਰਪਣ ਅਤੇ ਸੇਵਾ ਦਾ ਪ੍ਰਮਾਣ ਹੈ।
ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ. ਸੰਧਵਾਂ ਨੇ ਗਿਆਨੀ ਜ਼ੈਲ ਸਿੰਘ ਵੱਲੋਂ 1982 ਤੋਂ 1987 ਤੱਕ ਰਾਸ਼ਟਰਪਤੀ ਅਤੇ 1980 ਤੋਂ 1982 ਤੱਕ ਕੇਂਦਰੀ ਗ੍ਰਹਿ ਮੰਤਰੀ ਅਤੇ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਭਾਈਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਸਾਬਕਾ ਰਾਸ਼ਟਰਪਤੀ ਦੀ ਦ੍ਰਿੜ ਵਚਨਬੱਧਤਾ ਅਤੇ ਸੂਬੇ ਦੇ ਵਿਕਾਸ ਲਈ ਪਾਏ ਮਹੱਤਵਪੂਰਨ ਯੋਗਦਾਨ ‘ਤੇ ਚਾਨਣਾ ਪਾਇਆ। ਸ. ਸੰਧਵਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੇ ਆਪਣੀਆਂ ਸੇਵਾਵਾਂ ਸਮਰਪਿਤ ਭਾਵਨਾ ਨਾਲ ਨਿਭਾਈਆਂ। ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪਛੜੇ ਲੋਕਾਂ ਦੀ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਕੀਤੇ।
ਸ. ਸੰਧਵਾਂ ਨੇ ਗਿਆਨੀ ਜ਼ੈਲ ਸਿੰਘ ਦੇ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨਰੀ ਸਕੂਲ ਵਿੱਚ ਮੁਢਲੀ ਸਿੱਖਿਆ ਹਾਸਲ ਕਰਨ, ਜਿੱਥੇ ਉਨ੍ਹਾਂ ਨੇ ਗਿਆਨੀ ਦੀ ਉਪਾਧੀ ਹਾਸਲ ਕੀਤੀ ਸੀ, ਤੋਂ ਲੈ ਕੇ ਇੱਕ ਵਿਦਵਾਨ ਅਤੇ ਉੱਘੇ ਸਿਆਸਤਦਾਨ ਬਣਨ ਤੱਕ ਦੇ ਸਫ਼ਰ ਨੂੰ ਯਾਦ ਕੀਤਾ। ਸ. ਸੰਧਵਾਂ ਨੇ ਕਿਹਾ ਕਿ ਸਿੱਖ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਡੂੰਘੀ ਸੂਝ ਅਤੇ ਲੋਕ ਸੇਵਾ ਪ੍ਰਤੀ ਦ੍ਰਿੜ ਵਚਨਬੱਧਤਾ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਤੋਂ ਸਪੱਸ਼ਟ ਝਲਕਦੀ ਹੈ।
ਗਿਆਨੀ ਜ਼ੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਕੌਮ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਏਕਤਾ ਸਥਲ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਪਤਵੰਤੇ, ਸਿਆਸੀ ਆਗੂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਹਾਜ਼ਰ ਹੋਏ। ਇਸ ਮੌਕੇ ਹਾਜ਼ਰੀਨ ਵੱਲੋਂ ਸ਼ਰਧਾ ਭਾਵਨਾ ਨਾਲ ਸਾਬਕਾ ਰਾਸ਼ਟਰਪਤੀ ਦੀ ਸਦੀਵੀ ਵਿਰਾਸਤ ਨੂੰ ਯਾਦ ਕੀਤਾ ਗਿਆ।