Hindi
IMG-20240817-WA0023

ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ

ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ 

 

-ਪੰਜਾਬ ਪੁਲਿਸ ਵੱਲੋਂ 77 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਵੱਡਾ ਤਸਕਰ ਗ੍ਰਿਫ਼ਤਾਰ

 

- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

- ਗੁਲਾਬ ਸਿੰਘ ਦੀ ਗ੍ਰਿਫਤਾਰੀ ਸਮੁੱਚੇ ਤਸਕਰੀ ਨੈਟਵਰਕ ਨੂੰ ਤੋੜਨ ਅਤੇ ਭਵਿੱਖ ਵਿੱਚ ਤਸਕਰੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਹੋਵੇਗੀ ਸਹਾਈ: ਡੀਜੀਪੀ ਗੌਰਵ ਯਾਦਵ 

- ਗ੍ਰਿਫਤਾਰ ਦੋਸ਼ੀ ਨੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਲਈ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਸੀ ਅਤੇ ਵੱਖ-ਵੱਖ ਐਪਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ: ਐਸਐਸਪੀ ਡਾ. ਪ੍ਰਗਿਆ ਜੈਨ

 

ਫ਼ਰੀਦਕੋਟ, 17 ਅਗਸਤ,2024

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਫ਼ਰੀਦਕੋਟ ਪੁਲਿਸ ਨੇ ਗੁਲਾਬ ਸਿੰਘ, ਜੋ 77 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੋੜੀਂਦਾ ਮੁੱਖ ਮੁਲਜ਼ਮ ਹੈ, ਦੀ ਗ੍ਰਿਫਤਾਰੀ ਨਾਲ ਸਰਹੱਦ ਪਾਰੋਂ ਹੋਣ ਵਾਲੀ ਨਾਰਕੋ ਸਮੱਗਲਿੰਗ ਨੂੰ ਨੱਥ ਪਾਉਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

 

ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਫਾਜ਼ਿਲਕਾ ਵੱਲੋਂ 77.8 ਕਿਲੋਗ੍ਰਾਮ ਹੈਰੋਇਨ (41.8 ਕਿਲੋਗ੍ਰਾਮ +36 ਕਿਲੋਗ੍ਰਾਮ) ਅਤੇ ਤਿੰਨ ਪਿਸਤੌਲਾਂ ਦੀ ਬਰਾਮਦਗੀ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਸੀਮਾ ਪਾਰ ਦੇ ਦੋ ਵੱਖ-ਵੱਖ ਨਸ਼ਾ ਤਸਕਰੀ ਰੈਕੇਟਾਂ ਦਾ ਪਰਦਾਫਾਸ਼ ਕਰਨ ਦੇ ਲਗਭਗ ਇੱਕ ਸਾਲ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਦੱਸਣਯੋਗ ਹੈ ਕਿ ਇਹ ਖੇਪ ਦਰਿਆਈ ਰਸਤੇ ਰਾਹੀਂ ਆਈ ਸੀ। ਇਸ ਸਬੰਧੀ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ ਅਤੇ ਗ੍ਰਿਫ਼ਤਾਰ ਮੁਲਜ਼ਮ ਦੋਵਾਂ ਮਾਮਲਿਆਂ ਵਿੱਚ ਪੰਜਾਬ ਪੁਲੀਸ ਨੂੰ ਲੋੜੀਂਦਾ ਸੀ।

 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ 36 ਕਿਲੋਗ੍ਰਾਮ ਨਸ਼ੀਲੇ ਪਦਾਰਥ ਦੀ ਡਿਲਿਵਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀਅਤੇ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਵੀ ਇਸ ਦੇ ਸਬੰਧ ਸਨ। ਉਹਨਾਂ ਨੇ ਅੱਗੇ ਕਿਹਾ ਕਿ ਗੁਲਾਬ ਸਿੰਘ ਦੀ ਗ੍ਰਿਫਤਾਰੀ ਸਮੁੱਚੇ ਤਸਕਰੀ ਨੈਟਵਰਕ ਨੂੰ ਤੋੜਨ ਅਤੇ ਭਵਿੱਖ ਵਿੱਚ ਤਸਕਰੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਸਹਾਈ ਹੋਵੇਗੀ।

 

ਡੀਜੀਪੀ ਨੇ ਕਿਹਾ ਕਿ ਗੁਲਾਬ ਸਿੰਘ ਦੀ ਗ੍ਰਿਫਤਾਰੀ ਬਾਰੀਕੀ ਤੇ ਪੇਸ਼ੇਵਰ ਜਾਂਚ ਅਤੇ ਪਿਛਲੇ ਸਬੰਧਾਂ ਦੀ ਨਿਰੰਤਰ ਨਿਗਰਾਨੀ ਦੇ ਨਤੀਜੇ ਸਦਕਾ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਨੇ ਅੱਗੇ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਕੀਤੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਰਾਹੀਂ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਹੋਰ ਵਿੱਤੀ ਜਾਂਚ ਜਾਰੀ ਹੈ।

 

ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਸੂਝ-ਬੂਝ ਨਾਲ ਅਮਲ ਵਿੱਚ ਲਿਆਂਦੇ ਇਸ ਆਪ੍ਰੇਸ਼ਨ ਦੌਰਾਨ ਸੀ.ਆਈ.ਏ. ਫ਼ਰੀਦਕੋਟ, ਸਪੈਸ਼ਲ ਬ੍ਰਾਂਚ, ਐਸ.ਐਚ.ਓ ਸਾਦਿਕ ਅਤੇ ਟੈਕਨੀਕਲ ਸੈੱਲ ਦੀਆਂ ਪੁਲਿਸ ਟੀਮਾਂ ਨੇ ਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਦੀ ਨਿਗਰਾਨੀ ਹੇਠ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਰੁਪਿਆਂਵਾਲੀ ਦੇ ਬੱਸ ਸਟੈਂਡ ਤੋਂ ਮੁਲਜ਼ਮ ਗੁਲਾਬ ਸਿੰਘ ਨੂੰ ਕਾਬੂ ਕੀਤਾ, ਜੋ ਕਿ ਇੱਕ ਸਾਲ ਤੋਂ ਭਗੌੜਾ ਸੀ।

ਉਸ ਨੇ ਦੱਸਿਆ ਕਿ ਵੱਡੀਆਂ ਬਰਾਮਦਗੀਆਂ ਵਿੱਚ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੀ ਰਣਨੀਤੀ ਦੇ ਹਿੱਸੇ ਵਜੋਂ, ਪੁਲਿਸ ਟੀਮ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਸੀ ਅਤੇ ਪਿਛਲੇ 10 ਦਿਨਾਂ ਤੋਂ ਮੁਲਜ਼ਮ ਗੁਲਾਬ ਸਿੰਘ ਦੀ ਭਾਲ ਵਿੱਚ ਸੀ।

 

 ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਕਰਨ ਲਈ ਗੋਤਾਖੋਰਾਂ ਦਾ ਪ੍ਰਬੰਧ ਕੀਤਾ ਸੀ ਅਤੇ ਵੱਖ-ਵੱਖ ਐਪਾਂ ਰਾਹੀਂ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਸੀ। ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਗੁਲਾਬ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਫਰੀਦਕੋਟ ਤੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।


Comment As:

Comment (0)