ਪੰਜਾਬ ਆਈ.ਟੀ.ਆਈਜ਼ ਵਿਖੇ ਦਾਖਲਿਆਂ ਵਿੱਚ 25 ਫੀਸਦ ਵਾਧਾ ਦਰਜ
ਪੰਜਾਬ ਆਈ.ਟੀ.ਆਈਜ਼ ਵਿਖੇ ਦਾਖਲਿਆਂ ਵਿੱਚ 25 ਫੀਸਦ ਵਾਧਾ ਦਰਜ
ਚੰਡੀਗੜ੍ਹ, 1 ਅਕਤੂਬਰ:
ਸੂਬੇ ਭਰ ਦੀਆਂ ਆਈ.ਟੀ.ਆਈਜ਼ ਵਿਖੇ ਦਾਖਲਿਆਂ ਵਿੱਚ 25 ਫੀਸਦ ਦੇ ਬੇਮਿਸਾਲ ਵਾਧੇ ਨਾਲ ਪੰਜਾਬ ਵਿੱਚ ਕਿੱਤਾਮੁਖੀ ਸਿਖਲਾਈ ਨੂੰ ਮਹੱਤਵਪੂਰਨ ਹੁਲਾਰਾ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿੱਚ ਮੌਜੂਦਾ ਵਿਦਿਅਕ ਵਰ੍ਹੇ ਦੌਰਾਨ ਸੂਬੇ ਭਰ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਵਿਖੇ ਦਾਖਲਿਆਂ ਵਿੱਚ 25 ਫੀਸਦ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਾਖ਼ਲਿਆਂ ਦੀ ਗਿਣਤੀ ਪਿਛਲੇ ਵਰ੍ਹੇ 28,000 ਤੋਂ ਵੱਧ ਕੇ ਹੁਣ 35,000 ਤੱਕ ਪਹੁੰਚ ਗਈ ਹੈ।
ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇਣ ਲਈ ਕੰਮ ਕਰ ਰਹੀ ਤਾਂ ਜੋ ਬੇਰੁਜ਼ਗਾਰੀ ਅਤੇ ਪ੍ਰਵਾਸ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਇਸ ਦਿਸ਼ਾ ਵਿੱਚ ਮਿਸ਼ਨ ਅਧੀਨ ਕੰਮ ਕਰ ਰਹੇ ਹਾਂ ਜਿਸ ਲਈ ਅਸੀਂ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਆਈਟੀਆਈਜ਼ ਸੀਟਾਂ ਵਧਾਈਆਂ ਹਨ ਅਤੇ ਅਗਲੇ ਵਿੱਦਿਅਕ ਸੈਸ਼ਨ ਵਿੱਚ ਸੀਟਾਂ ਦੀ ਗਿਣਤੀ ਨੂੰ ਵਧਾ ਕੇ 50,000 ਕੀਤਾ ਜਾਵੇਗਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਈ.ਟੀ.ਆਈ. ਦੇ ਦਾਖ਼ਲਿਆਂ ਵਿੱਚ ਇਹ ਸ਼ਾਨਦਾਰ ਵਾਧਾ ਸਾਡੇ ਨੌਜਵਾਨਾਂ ਵਿੱਚ ਹੁਨਰ ਅਧਾਰਤ ਸਿੱਖਿਆ ਦੀ ਵੱਧ ਰਹੀ ਮਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਹੀ ਰੁਕਣ ਵਾਲੇ ਨਹੀਂ ਕਿਉਂਕਿ ਅਗਲੇ ਦੋ ਸਾਲਾਂ ਵਿੱਚ ਸਾਡਾ ਟੀਚਾ 50,000 ਦਾਖਲਿਆਂ ਦੇ ਅੰਕੜੇ ਨੂੰ ਸਰ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਈ.ਟੀ.ਆਈ. ਗ੍ਰੈਜੂਏਟਾਂ ਲਈ ਵੱਧ ਤੋਂ ਵੱਧ ਪਲੇਸਮੈਂਟ (ਰੋਜ਼ਗਾਰ ਦੇ ਮੌਕੇ) ਨੂੰ ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ।
ਉਨ੍ਹਾਂ ਦੱਸਿਆ ਕਿ ਵਿਦਿਅਕ ਸੈਸ਼ਨ 2023 ਤੋਂ ਪਹਿਲਾਂ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਆਈ.ਟੀ.ਆਈਜ ਵਿਚ 28000 ਸੀਟਾਂ ਵਿਚੋਂ ਵੀ ਕਾਫੀ ਸੀਟਾਂ ਖ਼ਾਲੀ ਰਹਿ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਇਹ ਟੀਚਾ ਮਿੱਥਿਆ ਸੀ ਵਿਦਿਅਕ ਸੈਸ਼ਨ 2023 ਦੌਰਾਨ ਆਈ.ਟੀ.ਆਈਜ਼ ਵਿਚ 100 ਫ਼ੀਸਦੀ ਦਾਖਲਿਆਂ ਨੂੰ ਯਕੀਨੀ ਬਣਾਇਆ ਜਾਵੇ ਜਿਸ ਲਈ ਕਈ ਉਪਰਾਲੇ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਸਾਨੂੰ ਇਸ ਵਿੱਦਿਅਕ ਸੈਸ਼ਨ ਦੌਰਾਨ 7000 ਸੀਟਾਂ ਵਧਾਉਣੀਆਂ ਪਈਆਂ ਹਨ।
ਸੂਬਾ ਸਰਕਾਰ ਦੀਆਂ ਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 2024-25 ਵਿੱਦਿਅਕ ਵਰ੍ਹੇ ਲਈ 137 ਸਰਕਾਰੀ ਆਈ.ਟੀ.ਆਈਜ਼ ਵਿੱਚ ਸੀਟਾਂ ਦੀ ਗਿਣਤੀ 28,880 ਤੋਂ ਵਧਾ ਕੇ 35,000 ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈ.ਟੀ.ਆਈਜ਼ ਹੁਣ ਕਰੀਅਰ ਦੇ ਵੱਖ-ਵੱਖ ਵਿਕਲਪ ਪ੍ਰਦਾਨ ਕਰਦਿਆਂ ਇੰਜੀਨੀਅਰਿੰਗ ਅਤੇ ਗੈਰ-ਇੰਜੀਨੀਅਰਿੰਗ ਸਮਤੇ 86 ਟਰੇਡਸ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਐਡੀਟਿਵ ਮੈਨੂਫੈਕਚਰਿੰਗ (3ਡੀ ਪ੍ਰਿੰਟਿੰਗ), ਇਲੈਕਟ੍ਰਿਕ ਵਹੀਕਲ ਮਕੈਨਿਕਸ, ਇੰਡਸਟ੍ਰੀਅਲ ਰੋਬੋਟਿਕਸ, ਡਿਜੀਟਲ ਮੈਨੂਫੈਕਚਰਿੰਗ ਅਤੇ ਡਰੋਨ ਤਕਨਾਲੋਜੀ ਵਰਗੇ ਅਤਿ ਆਧੁਨਿਕ ਕੋਰਸ ਵੀ ਉਪਲੱਬਧ ਕਰਵਾਏ ਗਏ ਹਨ।
ਆਈ.ਟੀ.ਆਈਜ਼ ਵਿੱਚ ਲਿੰਗ ਸਮਾਨਤਾ ਨੂੰ ਅੱਗੇ ਵਧਾਉਣ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਟਰੇਡਾਂ ਵਿੱਚ ਔਰਤਾਂ ਲਈ 33 ਫੀਸਦ ਰਾਖਵਾਂਕਰਨ ਲਾਗੂ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਕਿੱਤਾਮੁਖੀ ਸਿਖਲਾਈ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਆਈ.ਟੀ.ਆਈਜ਼ ਵਿੱਚ ਆਈ.ਟੀ.ਸੀ. ਲਿਮਟਿਡ ਅਤੇ ਸਵਰਾਜ ਇੰਜਣ ਲਿਮਟਿਡ ਵਰਗੀਆਂ ਪ੍ਰਮੁੱਖ ਕੰਪਨੀਆਂ ਨਾਲ ਸਾਂਝੇਦਾਰੀ ਵਿੱਚ ਕਈ ਪਾਇਲਟ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਇਲੈਕਟਰੀਸ਼ੀਅਨ ਅਤੇ ਮਕੈਨਿਕ ਡੀਜ਼ਲ ਇੰਜਣ ਵਰਗੇ ਇੰਜੀਨੀਅਰਿੰਗ ਕੋਰਸ ਸ਼ਾਮਲ ਹਨ।
ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਅਗਲੇ ਦੋ ਸਾਲਾਂ ਦੌਰਾਨ ਮਹਿਲਾ ਆਈ.ਟੀ.ਆਈਜ਼ ਵਿੱਚ ਬੈਠਣ ਦੀ ਸਮਰੱਥਾ ਨੂੰ 50,000 ਤੱਕ ਵਧਾਉਣ ਅਤੇ ਹੋਰ ਇੰਜੀਨੀਅਰਿੰਗ ਕੋਰਸ ਸ਼ੁਰੂ ਕਰਨ ’ਤੇ ਕੇਂਦਰਿਤ ਹੈ।
ਮੰਤਰੀ ਬੈਂਸ ਨੇ ਕਿਹਾ, ‘‘ਵਿਸਤ੍ਰਿਤ ਸਮਰੱਥਾ ਅਤੇ ਵਿਭਿੰਨ ਵਪਾਰਕ ਪੇਸ਼ਕਸ਼ਾਂ, ਲਿੰਗ ਸਮਾਨਤਾਵਾਂ ’ਤੇ ਸਾਡਾ ਧਿਆਨ ਕੇਂਦਰਿਤ ਕਰਨ ਕਰ ਕੇ, ਪੰਜਾਬ ਦੇ ਨੌਜਵਾਨਾਂ ਨੂੰ ਭਵਿੱਖ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨ ਮਹੱਤਵਪੂਰਨ ਕਦਮ ਚੁੱਕਣਾ ਹੀ ਸਮੇਂ ਦੀ ਮੰਗ ਹੈ।
ਉਨ੍ਹਾਂ ਅੱਗੇ ਕਿਹਾ ,‘‘ ਅਸੀਂ ਆਪਣੇ ਸੂਬੇ ਵਿੱਚ ਹੁਨਰ ਦੇ ਪਾੜੇ ਨੂੰ ਪੂਰਨ ਤੇ ਰੁਜ਼ਗਾਰ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹਾਂ’’।