ਪੰਜਾਬ ਸਿੱਖਿਆ ਕ੍ਰਾਂਤੀ: ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਦੇ 4 ਸਰਕਾਰੀ ਸਕੂਲਾਂ ’ਚ 84.24 ਲੱਖ ਦੇ ਵਿਕ
ਪੰਜਾਬ ਸਿੱਖਿਆ ਕ੍ਰਾਂਤੀ: ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਦੇ 4 ਸਰਕਾਰੀ ਸਕੂਲਾਂ ’ਚ 84.24 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਕਿਹਾ, ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ
ਨਕੋਦਰ/ਜਲੰਧਰ, 28 ਅਪ੍ਰੈਲ : ਸੂਬਾ ਸਰਕਾਰ ਦੀ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਵਿਧਾਨਸਭਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਅੱਜ ਹਲਕੇ ਦੇ 4 ਸਰਕਾਰੀ ਸਕੂਲਾਂ ਵਿੱਚ 84.24 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਵਿਧਾਇਕ ਇੰਦਰਜੀਤ ਕੌਰ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ (ਲੜਕੇ) ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਅਤਿ ਆਧੁਨਿਕ ਸਾਇੰਸ ਲੈਬ ਅਤੇ ਆਧੁਨਿਕ ਕਲਾਸ ਰੂਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ (ਲੜਕੀਆਂ) ਵਿਖੇ 22.83 ਲੱਖ ਰੁਪਏ ਨਾਲ ਚਾਰਦੀਵਾਰੀ, ਆਧੁਨਿਕ ਕਲਾਸ ਰੂਮ ਅਤੇ ਹੋਰ ਵਿਕਾਸ ਕਾਰਜ, ਸਰਕਾਰੀ ਪ੍ਰਾਇਮਰੀ ਸਕੂਲ ਡਾ.ਅੰਬੇਡਕਰ ਨਗਰ ਨਕੋਦਰ ਵਿਖੇ 9.31 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਨਵੇਂ ਕਲਾਸ ਰੂਮ ਅਤੇ ਸਰਕਾਰੀ ਪ੍ਰਾਇਰਮੀ ਸਕੂਲ ਨਕੋਦਰ (ਲੜਕੇ) ਵਿਖੇ 19.10 ਲੱਖ ਰੁਪਏ ਨਾਲ ਤਿਆਰ ਦੋ ਨਵੇਂ ਕਲਾਸ ਰੂਮ ਸਮਰਪਿਤ ਕੀਤੇ ਗਏ।
ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮਾਂ ਦੌਰਾਨ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਜਿਥੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸਾਜ਼ਗਾਰ ਮਾਹੌਲ ਮਿਲੇਗਾ ਉਥੇ ਸਾਇੰਸ ਲੈਬ ਬਣਨ ਨਾਲ ਵਿਦਿਆਰਥੀ ਵਿਗਿਆਨ ਵਿਸ਼ੇ ਦੀ ਪੜ੍ਹਾਈ ਹੋਰ ਵੀ ਵਧੀਆ ਢੰਗ ਨਾਲ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਚਾਰੀਦੀਵਾਰੀ, ਨਵੇਂ ਕਲਾਸ ਰੂਮ, ਖੇਡ ਦੇ ਮੈਦਾਨ ਅਤੇ ਸਾਇੰਸ ਲੈਬੋਰੇਟਰੀਆਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਦਿੱਤੀਆਂ ਜਾ ਸਹੂਲਤਾਂ ਸਬੰਧੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੰਦਿਆਂ ਉਨ੍ਹਾਂ ਵਲੋਂ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨਕੋਦਰ ਵਿਖੇ ਇਕ ਬੂਟਾ ਵੀ ਲਗਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚਾ ਅਤੇ ਪੜ੍ਹਾਈ ਲਈ ਢੁੱਕਵਾਂ ਮਾਹੌਲ ਵਿਦਿਆਰਥੀਆਂ ਲਈ ਬਹੁਤ ਹੀ ਮਦਦਗਾਰ ਸਾਬਿਤ ਹੋਵੇਗਾ।