ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਵਧ ਰਿਹਾ ਫਸਲਾਂ ਦਾ ਝਾੜ -ਕਿਸਾਨ ਦਲਬੀਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਸਾੜੇ ਬਿਨ
ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਵਧ ਰਿਹਾ ਫਸਲਾਂ ਦਾ ਝਾੜ -ਕਿਸਾਨ ਦਲਬੀਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਕਰ ਰਿਹਾ ਖੇਤੀ
ਅੰਮ੍ਰਿਤਸਰ, 6 ਨਵੰਬਰ 2024--
ਜਿੱਥੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰਾਂ ਵੱਲੋਂ ਅਧਿਕਾਰੀ ਦਿਨ ਰਾਤ ਇੱਕ ਕਰ ਰਹੇ ਹਨ ਉੱਥੇ ਜਿਲੇ ਦੇ ਕੁੱਝ ਜਾਗਰੂਕ ਕਿਸਾਨ ਅਜਿਹੇ ਵੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਇਹਨਾਂ ਕਿਸਾਨਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਲਗਾਤਾਰ ਫਸਲਾਂ ਦਾ ਝਾੜ ਵਧ ਰਿਹਾ ਹੈ। ਪਿੰਡ ਭੁੱਲੇ ਚੱਕ ਨੇੜੇ ਅਜਨਾਲਾ ਦੇ ਕਿਸਾਨ ਦਲਬੀਰ ਸਿੰਘ ਜੋ ਕਿ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕਰ ਰਹੇ ਸਨ , ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਬਿਜਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਸਾਡੀਆਂ ਫਸਲਾਂ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਜਮੀਨ ਵਾਹਉਣ ਵਿੱਚ ਨਰਮ ਹੋਈ ਹੈ। ਉਹਨਾਂ ਦੱਸਿਆ ਕਿ ਮੈਂ ਇੱਕ ਸਾਲ ਵਿੱਚ ਤਿੰਨ-ਤਿੰਨ ਫਸਲਾਂ ਵੀ ਲੈ ਕੇ ਵੇਖੀਆਂ ਹਨ ਪਰ ਝਾੜ ਆਮ ਲੋਕਾਂ ਨਾਲੋਂ ਵੱਧ ਮਿਲਿਆ ਹੈ। ਇਸ ਸਾਲ ਦੀ ਗੱਲ ਕਰਦੇ ਉਹਨਾਂ ਦੱਸਿਆ ਕਿ ਇਸ ਸਾਲ ਮੈਂ ਕੁਝ ਖੇਤਾਂ ਵਿੱਚ ਕਣਕ ਕੱਟਣ ਤੋਂ ਬਾਅਦ ਪਸ਼ੂਆਂ ਦੇ ਚਾਰੇ ਲਈ ਮੱਕੀ ਬੀਜੀ ਸੀ, ਉਪਰੰਤ ਬਾਸਮਤੀ ਦੀ ਕਾਸ਼ਤ ਕੀਤੀ ਅਤੇ ਹੁਣ ਬਾਸਮਤੀ ਦੀ ਕਟਾਈ ਹੋਣ ਉੱਤੇ ਵੇਖਿਆ ਕਿ ਇਸ ਦਾ ਝਾੜ ਦੂਸਰੇ ਖੇਤਾਂ ਨਾਲੋਂ ਵੱਧ ਆਇਆ। ਉਹਨਾਂ ਦੱਸਿਆ ਕਿ ਤਕਰੀਬਨ ਪੰਜੀ ਕੁਇੰਟਲ ਝਾੜ ਪ੍ਰਤੀ ਏਕੜ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਲਈ ਮੈਨੂੰ ਖੇਤੀਬਾੜੀ ਵਿਭਾਗ ਨੇ ਪ੍ਰੇਰਿਤ ਕੀਤਾ ਸੀ ਅਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਇਸ ਨੂੰ ਤਜਰਬੇ ਵਜੋਂ ਕਰਨਾ ਸ਼ੁਰੂ ਕੀਤਾ ਸੀ, ਜਿਸ ਚੰਗੇ ਨਤੀਜੇ ਆਏ।
ਦੱਸਣ ਯੋਗ ਹੈ ਕਿ ਇਸ ਵੇਲੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲੇ ਦੇ ਸਾਰੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਉਪਰਾਲੇ ਕਰ ਰਹੇ ਹਨ। ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਖੁਦ ਕਈ ਖੇਤਾਂ ਵਿੱਚ ਪਰਾਲੀ ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਵੇਖ ਕੇ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਆਏ ਹਨ। ਸ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਦੀ ਭਲਾਈ ਲਈ ਜਿਹੜਾ ਵੀ ਕਿਸਾਨ ਅੱਗੇ ਆਵੇਗਾ ਸਾਡੀ ਸਰਕਾਰ ਉਸ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ।