Process of making Aayushman Card fasten : Dr. Parvinderpal Kaur
Hindi
Ravneet Kaur Sandhu

Process of making Aayushman Card fasten : Dr. Parvinderpal Kaur

ਸਿਹਤ ਵਿਭਾਗ ਦੀ ਦੇਖਰੇਖ ਹੇਠ ਆਯੂਸ਼ਮਾਨ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ : ਡਾ. ਪਰਵਿੰਦਰਪਾਲ ਕੌਰ

ਐਸ.ਏ.ਐਸ ਨਗਰ: 15 ਮਈ, 2023: (ਕਾਰਤਿਕਾ ਸਿੰਘ/ਅਰਥ ਪ੍ਰਕਾਸ਼) :: ਜ਼ਿਲ੍ਹੇ ’ਚ ਹੁਣ ਤਕ 72 ਫ਼ੀਸਦੀ ਲਾਭਪਾਤਰੀ ਪਰਿਵਾਰਾਂ ਦੇ ਈ-ਕਾਰਡ ਬਣੇ

ਜ਼ਿਲ੍ਹਾ ਸਿਹਤ ਵਿਭਾਗ ਦੀ ਦੇਖ ਰੇਖ ਹੇਠ ਜ਼ਿਲ੍ਹੇ ਵਿਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਲਾਭਪਾਤਰੀਆਂ ਦੇ ਈ.ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਯੋਜਨਾ ਤਹਿਤ 6 ਤਰ੍ਹਾਂ ਦੇ ਲਾਭਪਾਤਰੀ ਪਰਿਵਾਰਾਂ ਦੇ ਕਾਰਡ ਬਣਾਏ ਜਾਂਦੇ ਹਨ ਜਿਨ੍ਹਾਂ ਵਿਚ ਐਸ.ਈ.ਸੀ.ਸੀ. ਡਾਟਾ ਵਾਲੇ ਗ਼ਰੀਬ ਪਰਿਵਾਰ, ਰਾਸ਼ਨ ਕਾਰਡ ਧਾਰਕ, ਉਸਾਰੀ ਕਾਮੇ, ਛੋਟੇ ਟਰੇਡਰ, ਛੋਟੇ ਕਿਸਾਨ ਅਤੇ ਪੱਤਰਕਾਰ ਸ਼ਾਮਲ ਹਨ।

ਡੀ.ਐਮ.ਸੀ. ਨੇ ਦਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਵਿਚ 1 ਲੱਖ 26 ਹਜ਼ਾਰ ਪਰਿਵਾਰ ਯੋਗ ਲਾਭਪਾਤਰੀ ਹਨ ਜਿਨ੍ਹਾਂ ਵਿਚੋਂ 92 ਹਜ਼ਾਰ ਪਰਿਵਾਰਾਂ ਦੇ ਕਾਰਡ ਬਣ ਚੁੱਕੇ ਹਨ ਅਤੇ ਜ਼ਿਲ੍ਹੇ ਵਿਚ ਹੁਣ ਤਕ ਪ੍ਰਤੀ ਲਾਭਪਾਤਰੀ ਕੁਲ 2 ਲੱਖ ਕਾਰਡ ਬਣਾਏ ਜਾ ਚੁੱਕੇ ਹਨ। ਇਸ ਹਿਸਾਬ ਨਾਲ 72 ਫ਼ੀਸਦੀ ਪਰਿਵਾਰਾਂ ਦੇ ਕਾਰਡ ਬਣ ਚੁੱਕੇ ਹਨ ਜਦਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਡਾ. ਪਰਵਿੰਦਰਪਾਲ ਕੌਰ ਮੁਤਾਬਕ ਆਯੂਸ਼ਮਾਨ ਕਾਰਡ ਵੱਖ-ਵੱਖ ਥਾਈਂ ਖੁਲ੍ਹੇ ਹੋਏ ਕਾਮਨ ਸਰਵਿਸ ਸੈਂਟਰਾਂ ਵਿਚ ਬਣਾਏ ਜਾ ਰਹੇ ਹਨ ਜਦਕਿ ਹਸਪਤਾਲਾਂ ਵਿਚ ਸਿਰਫ਼ ਮਰੀਜ਼ਾਂ ਦੇ ਕਾਰਡ ਬਣਦੇ ਹਨ। ਕਾਮਨ ਸਰਵਿਸ ਸੈਂਟਰ ਵਲੋਂ 30 ਰੁਪਏ ਫ਼ੀਸ ਲੈ ਕੇ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਾਰਡ ਬਣਾਉਣ ਲਈ ਵੱਖ- ਵੱਖ ਥਾਈਂ ਕੈਂਪ ਵੀ ਲਗਾਏ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਲੋੜਵੰਦ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿਚ ਦਿਤੀ ਜਾਂਦੀ ਹੈ। ਇਹ ਸਹੂਲਤ ਕਈ ਗੰਭੀਰ ਬੀਮਾਰੀਆਂ ਜਿਵੇਂ ਦਿਲ ਦੀਆਂ ਬੀਮਾਰੀਆਂ, ਗੋਡਿਆਂ ਦਾ ਬਦਲਾਅ, ਅੱਖਾਂ ਦੇ ਆਪਰੇਸ਼ਨ, ਜਣੇਪਾ, ਕੈਂਸਰ ਆਦਿ ਦੇ ਇਲਾਜ ਲਈ ਵੀ ਦਿਤੀ ਜਾਂਦੀ ਹੈ। ਜ਼ਿਲ੍ਹੇ ਵਿਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ 34 ਨਿੱਜੀ ਸੂਚੀਬੱਧ ਹਸਪਤਾਲਾਂ ਵਿਚ ਵੀ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਡੀ.ਐਮ.ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਵਾਉਣ  ਲਈ ਅਪਣੇ ਇਲਾਕੇ ਦੇ ਮਿਊਂਸਪਲ ਕੌਂਸਲਰ, ਸਰਪੰਚ ਜਾਂ ਆਸ਼ਾ ਵਰਕਰ ਨਾਲ ਤਾਲਮੇਲ ਕਰ ਸਕਦੇ ਹਨ।

ਲੋਕ ਸਰਕਾਰੀ ਵੈੱਬਸਾਈਟ www.shapunjab.in ’ਤੇ ਆਪਣੀ ਪਾਤਰਤਾ (ਯੋਗਤਾ) ਚੈੱਕ ਕਰ ਸਕਦੇ ਹਨ। 104 ਹੈਲਪਲਾਈਨ ਲੋਕਾਂ ਨੂੰ 24 ਘੰਟੇ ਸਰਬੱਤ ਸਿਹਤ ਬੀਮਾ ਯੋਜਨਾ ਬਾਬਤ ਪੂਰੀ ਜਾਣਕਾਰੀ ਪ੍ਰਦਾਨ ਕਰਵਾ ਰਹੀ ਹੈ। ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਅਰੋਗਿਆ ਮਿੱਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਅਪਣੀ ਯੋਗਤਾ ਮੁਤਾਬਕ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਆਦਿ ਜਿਹੇ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈ ਕੇ ਜਾਣ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਰਵਨੀਤ ਕੌਰ ਸੰਧੂ ਵੀ ਮੌਜੂਦ ਸਨ।


Comment As:

Comment (0)