ਪ੍ਰਿੰਸੀਪਲ ਸਕੱਤਰ ਵਲੋਂ ਸ਼ਾਹਕੋਟ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦਾ ਜਾਇਜ਼ਾ
ਪ੍ਰਿੰਸੀਪਲ ਸਕੱਤਰ ਵਲੋਂ ਸ਼ਾਹਕੋਟ ਦੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦਾ ਜਾਇਜ਼ਾ
- ਅਧਿਕਾਰੀਆਂ ਨੂੰ ਸਾਰੇ ਮਾਪਦੰਡਾਂ ਤਹਿਤ 100 ਫੀਸਦੀ ਟੀਚੇ ਨੂੰ ਹਾਸਿਲ ਕਰਨ ਦੀਆਂ ਹਦਾਇਤਾਂ
ਜਲੰਧਰ, 29 ਮਾਰਚ :
ਪ੍ਰਿੰਸੀਪਲ ਸਕੱਤਰ ਜਲ ਸਰੋਤ ਅਤੇ ਪ੍ਰਭਾਰੀ ਸਕੱਤਰ ਜਲੰਧਰ ਸ਼੍ਰੀ ਕ੍ਰਿਸ਼ਨ ਕੁਮਾਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸ਼ਾਹਕੋਟ ਵਿੱਚ ਚੱਲ ਰਹੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰਿੰਸੀਪਲ ਸਕੱਤਰ ਨੇ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਸਾਰੇ 38 ਮਾਪਦੰਡਾਂ ਤਹਿਤ 100 ਫੀਸਦੀ ਟੀਚੇ ਨੂੰ ਹਾਸਿਲ ਕਰਨ ਲਈ ਸੰਜੀਦਾ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਜਾਇਜ਼ਾ ਲੈਂਦਿਆਂ ਸ਼੍ਰੀ ਕ੍ਰਿਸ਼ਨ ਕੁਮਾਰ ਨੇ ਸਿਹਤ, ਸਿੱਖਿਆ, ਬੁਨਿਆਦੀ ਢਾਂਚਾ, ਭੂਮੀ ਰੱਖਿਆ, ਧਰਤੀ ਹੇਠਲੇ ਪਾਣੀ ਦਾ ਪੱਧਰ, ਪੀਣ ਯੋਗ ਪਾਣੀ ਦੀ ਉਪਲਬੱਧਤਾ, ਓ.ਡੀ.ਐਫ. ਸਟੇਟਸ, ਆਂਗਨਵਾੜੀ ਸੈਂਟਰਾਂ ਦੀ ਕਾਰਜਪ੍ਰਣਾਲੀ, ਪੌਸ਼ਟਿਕ ਪੱਧਰ, ਬੈਂਕਿਗ ਤੋਂ ਇਲਾਵਾ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਆਪਸੀ ਸੁਚੱਜੇ ਤਾਲਮੇਲ ਨਾਲ ਸ਼ਾਹਕੋਟ ਬਲਾਕ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੰਦਿਆਂ ਪੂਰੀ ਸਰਗਰਮੀ ਨਾਲ ਕੰਮ ਕੀਤਾ ਜਾਵੇ।
ਡਿਪਟੀ ਕਮਿਸਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਭਾਰੀ ਸਕੱਤਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਸਾਲ ਦੌਰਾਨ ਕੀਤੇ ਗਏ ਯਤਨਾਂ ਤੋਂ ਜਾਣੂੰ ਕਰਵਾਉਂਦਿਆਂ ਨਿਰਧਾਰਿਤ ਮਾਪਦੰਡਾਂ ਤਹਿਤ ਹੋਈ ਮਹੱਤਵਪੂਰਨ ਪ੍ਰਗਤੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ 95 ਫੀਸਦੀ ਟੀਚੇ ਨੂੰ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਸਾਰੇ 38 ਮਾਪਦੰਡਾਂ ਤਹਿਤ ਨਿਰਧਾਰਿਤ ਟੀਚੇ ਨੂੰ ਜਲਦ ਹਾਸਿਲ ਕਰ ਲਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਪਰਨਾ ਐਮ.ਬੀ., ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਬੁੱਧੀਰਾਜ ਸਿੰਘ, ਐਸ.ਡੀ.ਐਮ. ਆਦਮਪੁਰ ਵਿਵੇਕ ਮੋਦੀ, ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸਬੰਧਿਤ ਅਧਿਕਾਰੀਆਂ ਵਲੋਂ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
© 2022 Copyright. All Rights Reserved with Arth Parkash and Designed By Web Crayons Biz