ਕੋਈ ਵੀ ਨਸ਼ਾ ਛੱਡਣ ਲਈ ਸਿਰਫ਼ ਇੱਛਾ-ਸ਼ਕਤੀ ਦੀ ਲੋੜ : ਡਾ. ਪਰਵਿੰਦਰਪਾਲ ਕੌਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਕੋਈ ਵੀ ਨਸ਼ਾ ਛੱਡਣ ਲਈ ਸਿਰਫ਼ ਇੱਛਾ-ਸ਼ਕਤੀ ਦੀ ਲੋੜ : ਡਾ. ਪਰਵਿੰਦਰਪਾਲ ਕੌਰ
ਮੋਹਾਲੀ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ ’ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜੂਨ:
ਜ਼ਿਲ੍ਹਾ ਸਿਹਤ ਵਿਭਾਗ ਅਧੀਨ ਸੈਕਟਰ 66 ਵਿਖੇ ਚੱਲ ਰਹੇ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ’ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਿਹਤ ਸੰਸਥਾਵਾਂ ’ਚ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਜਿਥੇ ਨਸ਼ੇ ਦੇ ਮਰੀਜ਼ਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਵਿਸਥਾਰ ’ਚ ਜਾਣਕਾਰੀ ਦਿਤੀ ਗਈ, ਉਥੇ ਮਰੀਜ਼ਾਂ ਵਾਸਤੇ ਹਰਿਆ-ਭਰਿਆ ਤੇ ਚੰਗਾ ਮਾਹੌਲ ਸਿਰਜਣ ਲਈ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੱਖ-ਵੱਖ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਡਾ. ਪਾਲ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਓਟ ਕੇਂਦਰ, ਨਸ਼ਾ-ਛੁਡਾਊ ਕੇਂਦਰ ਅਤੇ ਮੁੜ-ਵਸੇਬਾ ਕੇਂਦਰ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਇਲਾਜ ਦੇ ਨਾਲ-ਨਾਲ ਮਾਹਰ ਕੌਂਸਲਰਾਂ ਅਤੇ ਮਨੋਰੋਗ ਮਾਹਰ ਡਾਕਟਰਾਂ ਵਲੋਂ ਨਸ਼ੇ ਦੇ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਨਸ਼ਾ ਛੱਡਣ ਲਈ ਮਾਨਸਿਕ ਰੂਪ ਵਿਚ ਮਜ਼ਬੂਤ ਹੋ ਸਕਣ। ਉਨ੍ਹਾਂ ਕਿਹਾ ਕਿ ਨਸ਼ਾਖੋਰੀ ਸਰੀਰਕ ਨਹੀਂ, ਮਾਨਸਿਕ ਰੋਗ ਹੈ। ਕਿਸੇ ਵੀ ਨਸ਼ੇ ਦਾ ਤਿਆਗ ਕਰਨਾ ਔਖੀ ਗੱਲ ਨਹੀਂ, ਵਿਅਕਤੀ ਅੰਦਰ ਸਿਰਫ਼ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਣ ਦਾ ਚਾਹਵਾਨ ਵਿਅਕਤੀ ਕਿਸੇ ਵੀ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਸਕਦਾ ਹੈ ਜਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰ. 104 ’ਤੇ ਸੰਪਰਕ ਕਰ ਸਕਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿਚ ਨਸ਼ਾਖ਼ੋਰੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਮਨੋਰੋਗ ਮਾਹਰ ਡਾ. ਪੂਜਾ, ਮੈਨੇਜਰ ਨੇਕ ਰਾਮ ਵੀ ਮੌਜੂਦ ਸਨ।