ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਕੋਈ ਵੀ ਲਾਭਪਾਤਰੀ ਬੱਚਾ ਨਾ ਰਹੇ ਟੀਕਾਕਰਨ ਤੋਂ ਵਾਂਝਾ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰ
ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਕੋਈ ਵੀ ਲਾਭਪਾਤਰੀ ਬੱਚਾ ਨਾ ਰਹੇ ਟੀਕਾਕਰਨ ਤੋਂ ਵਾਂਝਾ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਟੀਕਾਕਰਨ ਸੈਸ਼ਨ ਦਾ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਨਿਰੀਖਣ
ਤਰਨ ਤਾਰਨ, 26 ਅਪ੍ਰੈਲ
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲੇ ਦੇ ਸਮੂਹ ਬਲਾਕਾਂ ਦੇ ਵਿੱਚ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਸਿਹਤ ਕਰਮੀਆਂ ਵੱਲੋਂ ਲਗਾਏ ਜਾ ਰਹੇ ਸੈਸ਼ਨਾਂ ਦਾ ਜਿਲਾ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਵੱਲੋਂ ਨਿਰੀਖਣ ਕੀਤਾ ਗਿਆ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮੀਟਿੰਗ ਦੌਰਾਨ 24 ਅਪ੍ਰੈਲ ਤੋਂ ਸ਼ੁਰੂ ਹੋਏ ਵਿਸ਼ੇਸ਼ ਟੀਕਾਕਰਨ ਹਫਤੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਟੀਕਾਕਰਨ ਸੈਸ਼ਨ ਲਗਾ ਕੇ ਯੋਗ ਲਾਭਪਾਤਰੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤਾ ਮਨਾਉਣ ਦਾ ਮੁੱਖ ਮੰਤਵ ਯੋਗ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਕੋਈ ਵੀ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਬਲਾਕਾਂ ਦੇ ਵਿੱਚ ਮੀਜ਼ਲਸ ਅਤੇ ਰੁਬੈਲਾ ਅਤੇ ਪੈਂਟਾਵੇਲੇੰਟ ਟੀਕਾਕਰਨ ਦਾ ਨਿਰੀਖਣ ਵਿਸ਼ੇਸ਼ ਤੌਰ ਤੇ ਐਸ ਐਮ ਓਜ ਵੱਲੋਂ ਕੀਤਾ ਜਾਵੇ, ਤਾਂ ਜੋ ਐਮ ਆਰ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਜ਼ਿਲਾ ਟੀਕਾਕਰਨ ਅਫ਼ਸਰ ਡਾ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਸਿਹਤ ਕਰਮੀਆਂ ਵੱਲੋਂ ਫੈਲਾਈ ਜਾ ਰਹੀ ਹੈ, ਤਾਂ ਜੋ ਟੀਕਾਕਰਨ ਸਬੰਧੀ ਮਿਥੇ ਹੋਏ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ। ਉਨਾਂ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਹਾਈ ਰਿਸਕ ਆਬਾਦੀ ਵਾਲੇ ਖੇਤਰਾਂ ਜਿਵੇਂ ਝੁਗੀਆਂ ਇੱਟਾਂ ਦੇ ਭੱਠਿਆਂ ਅਤੇ ਡੇਰਿਆਂ ਉੱਤੇ ਜਾ ਕੇ ਸਿਹਤ ਕਰਮੀਆਂ ਵੱਲੋਂ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।