ਨਾਈਟ ਸਵੀਪਿੰਗ ਨਾਲ ਸ਼ਹਿਰਾਂ ਦੇ ਕਮਰਸ਼ੀਅਲ ਏਰੀਏ ਅੰਦਰ ਹੋ ਰਿਹਾ ਹੈ ਸਫਾਈ ਸੁਧਾਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ
ਨਾਈਟ ਸਵੀਪਿੰਗ ਨਾਲ ਸ਼ਹਿਰਾਂ ਦੇ ਕਮਰਸ਼ੀਅਲ ਏਰੀਏ ਅੰਦਰ ਹੋ ਰਿਹਾ ਹੈ ਸਫਾਈ ਸੁਧਾਰ
ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਅੰਦਰ ਨਾਈਟ ਸਵੀਪਿੰਗ ਦਾ ਨਿਵੇਕਲਾ ਉਪਰਾਲਾ
ਫਿਰੋਜ਼ਪੁਰ 1 ਅਪ੍ਰੈਲ ( 2025) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਅੰਦਰ ਨਾਈਟ ਸਵੀਪਿੰਗ ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਸ਼ਹਿਰਾਂ ਦੀ ਸਾਫ ਸਫਾਈ, ਸੀਵਰੇਜ ਦੀ ਕਲੀਨਿੰਗ, ਸਟਰੀਟ ਲਾਈਟਾਂ ਅਤੇ ਕੱਚਰੇ ਦੀ ਕੁਲੈਕਸ਼ਨ ਅਤੇ ਨਿਪਟਾਰੇ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਜਿਵੇਂ ਕਿ ਫਿਰੋਜ਼ਪੁਰ, ਜੀਰਾ, ਤਲਵੰਡੀ ਭਾਈ ਗੁਰੂਹਰਸਹਾਏ, ਮੱਲਾਂਵਾਲਾ, ਮੱਖੂ, ਮਮਦੋਟ ਅਤੇ ਮੁੱਦਕੀ ਸਾਰੇ ਸ਼ਹਿਰੀ ਖੇਤਰਾਂ ਦੇ ਕਮਰਸ਼ੀਅਲ ਏਰੀਏ ਅੰਦਰ ਰੋਜਾਨਾ ਰਾਤ ਨੂੰ ਨਾਇਟ ਸਵੀਪਿੰਗ ਕਰਵਾਈ ਜਾ ਰਹੀ ਹੈ। ਇਸ ਨਾਈਟ ਸਵੀਪਿੰਗ ਦਾ ਮੁੱਖ ਮੰਤਵ ਇਹ ਹੈ ਕਿ ਕਮਰਸ਼ੀਅਲ ਏਰੀਏ ਅੰਦਰ ਰੋਜ਼ਾਨਾ ਪੈਦਾ ਹੋਣ ਵਾਲੇ ਕੱਚਰੇ ਆਦਿ ਨੂੰ ਰਾਤੋ ਰਾਤ ਹੀ ਸਾਫ ਕਰਵਾਇਆ ਜਾਵੇ ਅਤੇ ਤਾਂ ਜੋ ਸਵੇਰੇ ਦੁਕਾਨਦਾਰਾਂ ਦੇ ਦੁਕਾਨਾਂ ਖੋਲਣ ਤੋਂ ਪਹਿਲਾਂ ਅਤੇ ਸ਼ਹਿਰਵਾਸੀ ਜੋ ਕਿ ਸਵੇਰ ਦੇ ਸਮੇਂ ਸੈਰ ਕਰਦੇ ਹਨ, ਉਹਨਾਂ ਨੂੰ ਸਾਫ ਸੁਥਰਾ ਅਤੇ ਸਵੱਛ ਵਾਤਾਵਰਨ ਮੁੱਹਈਆ ਕਰਵਾਇਆ ਜਾ ਸਕੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਫਿਰੋਜਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਸਾਫ ਸਫਾਈ ਬਣਾਈ ਰੱਖਣ ਆਪਣੇ ਘਰਾਂ ਦੇ ਕੱਚਰੇ ਨੂੰ ਅਲੱਗ ਅਲੱਗ ਸੈਗਰੀਗੇਸ਼ਨ ਰੂਪ ਵਿੱਚ ਵੀ ਰੱਖਣ ਅਤੇ ਸਬੰਧਿਤ ਕਰਮਚਾਰੀਆਂ ਨੂੰ ਹੀ ਦੇਣ, ਕਚਰੇ ਨੂੰ ਅੱਗ ਨਾ ਲਗਾਉਣ ਅਤੇ ਨਾ ਹੀ ਕੱਚਰੇ ਨੂੰ ਸੜਕਾਂ, ਗਲੀਆਂ, ਮੁਹੱਲਿਆਂ ਤੇ ਖਾਲੀ ਪਲਾਟਾਂ ਆਦਿ ਚ ਸੁੱਟਣ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਸਫਾਈ ਸਬੰਧੀ ਸ਼ਿਕਾਇਤ ਲਈ ਆਪਣੇ ਸੰਬੰਧਿਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦਫਤਰ ਵਿਖੇ ਸੰਪਰਕ ਕਰਨ।