Nehru family's
ਇਨਸਾਨ ਗਲਤੀਆਂ ਦਾ ਪੁਤਲਾ ਹੈ। ਉਸ ਤੋਂ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਹਨ। ਪਰੰਤੂ ਇਨ੍ਹਾਂ ਗਲਤੀਆਂ ਦਾ ਖਮਿਆਜ਼ਾ ਉਸ ਨੂੰ ਜਨਤਕ ਜਾਂ ਦਰਗਾਹੀ ਤੌਰ ਤੇ ਭੁਗਤਣਾ ਪੈਂਦਾ ਹੈ। ਇਸ ਪ੍ਰਕਾਰ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ਦੇ ਪੰਨਿਆਂ ਵਿੱਚ ਮੌਜੂਦ ਹਨ। ਜਿਸ ਅਨੁਸਾਰ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਵੀ ਕਰਜ਼ ਉਤਰਨ ਲਈ ਬਣਦੀ ਸਜ਼ਾ ਭੁਗਤਣੀ ਪਈ। ਅਜੇਹਾ ਅਸਹਿ ਤੇ ਅਕਹਿ ਦੁਖਾਂਤ ਉਸ ਸਮੇਂ ਵਾਪਰਿਆ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਦਰਸ਼ਾਹੀ ਹੁਕਮਾਂ ਨਾਲ ਪਰਮਾਤਮਾ ਦੀ ਬਖਸ਼ਿਸ਼ ਵਾਲੇ ਭਗਤੀ ਅਤੇ ਸ਼ਕਤੀ ਦੇ ਸੋਮੇ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਨੂੰ ਫੌਜ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਕੇ ਢਹਿ ਢੇਰੀ ਕਰਵਾ ਦਿੱਤਾ। ਇਸ ਬੱਜਰ ਪਾਪਾਂ ਭਰੀ ਗ਼ਲਤੀ ਦਾ ਜੋ ਬਹੁਤ ਵੱਡਾ ਕਰਜ਼ ਨਹਿਰੂ ਪਰਿਵਾਰ ਨੇ ਆਪਣੇ ਸਿਰ ਚੜਾ ਲਿਆ ਉਸ ਨੂੰ ਹੱਰ ਹਾਲਤ ਵਿੱਚ ਉਤਾਰਨਾ ਪਵੇਗਾ। ਇਹ ਪਰਿਵਾਰ ਸ਼ਾਇਦ ਭੁਲੇਖੇ ਵਿੱਚ ਹੈ ਕਿ ਇੰਦਰਾ ਗਾਂਧੀ ਦੇ ਕਤਲ ਨਾਲ ਇਹ ਕਰਜ਼ ਉਤਰ ਗਿਆ ਹੋਵੇਗਾ। ਪਰੰਤੂ ਬੇਦੋਸ਼ੇ ਨਾਨਕ ਨਾਮ ਲੇਵਾ ਸਿੱਖਾਂ ਦਾ ਬੇਰਹਿਮੀ ਨਾਲ ਵੱਡੇ ਪੱਧਰ ਤੇ ਕਤਲੇਆਮ ਕਰਵਾ ਕੇ ਹੋਰ ਕਰਜ਼ਾ ਚਾੜ ਲਿਆ। ਰਹਿੰਦੀ ਕਸਰ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਇਹ ਗੱਲ ਕਹਿ ਕੇ ਪੂਰੀ ਕਰ ਦਿੱਤੀ ਕਿ ( ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਕਾਂਪਤੀ ਹੈ )। ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਤੇ ਸਭ ਤੋਂ ਪਹਿਲਾਂ ਨਹਿਰੂ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਨੇ ਅਮ੍ਰਿਤਸਰ ਜਾ ਕੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਤੋਂ ਸਪਸ਼ਟ ਹੈ ਕਿ ਨਹਿਰੂ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਸ਼ਕਤੀ ਦਾ ਅਹਿਸਾਸ ਹੈ ਅਤੇ ਬੱਜਰ ਗਲਤੀਆਂ ਕਾਰਨ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਵੀ ਅਹਿਸਾਸ ਹੈ। ਪਰ ਨਹਿਰੂ ਪਰਿਵਾਰ ਸਿਰ ਇਹ ਕਰਜ਼ੇ ਦੀ ਪੰਡ ਐਡੀ ਭਾਰੀ ਹੋ ਚੁਕੀ ਹੈ ਕਿ ਨਹਿਰੂ ਪਰਿਵਾਰ ਦੀਆਂ ਸੈਕੜੇ ਪੀੜੀਆਂ ਵੀ ਕਰਜ਼ ਨਹੀਂ ਉਤਾਰ ਸਕਣਗੀਆਂ। ਪਰ ਰਾਹੁਲ ਗਾਂਧੀ ਭਰਮ ਵਿੱਚ ਹੈ ਕਿ ਇਕ ਵਾਰ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਇਹ ਸਾਰਾ ਕਰਜ਼ ਉਤਾਰ ਜਾਵੇਗਾ। ਨਹਿਰੂ ਪਰਿਵਾਰ ਨੂੰ ਸਚੇ ਮਨ ਨਾਲ ਨਿਮਾਣੇ ਇਨਸਾਨ ਵਜੋਂ ਅਕਾਲ ਤਖ਼ਤ ਸਾਹਿਬ ਤੇ ਭੁੱਲ ਬਖਸ਼ਾਉਣੀ ਚਾਹੀਦੀ ਹੈ ਅਤੇ ਖਿੜੇ ਮੱਥੇ ਬਣਦੀ ਸਜ਼ਾ ਭੁਗਤਣੀ ਚਾਹੀਦੀ ਹੈ।ਜਿਸ ਨਾਲ ਪਰਿਵਾਰ ਅਤੇ ਪਾਰਟੀ ਦਾ ਸੁਖ ਸੰਭਵ ਹੋ ਸਕਦਾ ਹੈ।ਪਰ ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਗੱਲ ਨਹੀਂ ਬਣ ਸਕਦੀ। ਇਹ ਨਹਿਰੂ ਪਰਿਵਾਰ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿਚਾਰਨਯੋਗ ਹੈ। ਅੱਗੇ ਉਹਨਾਂ ਦੀ ਮਰਜ਼ੀ।
ਇਸ ਨੂੰ ਪੜ੍ਹੋ:
ਫੁਟਬਾਲਰ ਮੈਸੀ ਚੋਰੀ ਦੇ ਮਾਮਲੇ 'ਚ ਸਾਥੀਆਂ ਸਮੇਤ ਗ੍ਰਿਫਤਾਰ, 56 ਮੋਬਾਈਲ ਬਰਾਮਦ
ਪਿਆਰੀ ਬੇਟੀਆਂ ਦੀ ਧਰਤੀ - ਰੱਬ ਦਾ ਆਪਣਾ ਦੇਸ਼ - ਕੇਰਲ ਸਹਿਣਸ਼ੀਲਤਾ, ਪ੍ਰਗਤੀ ਅਤੇ ਹਰਿਆਲੀ ਦਾ ਸਰੂਪ