ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰੀ ਹਾਈ ਸਕੂਲ ਨਾਈਵਾਲਾ ਨੂੰ ਸਾਢੇ 7 ਲੱਖ ਦਾ ਚੈੱਕ ਦਿੱਤਾ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰੀ ਹਾਈ ਸਕੂਲ ਨਾਈਵਾਲਾ ਨੂੰ ਸਾਢੇ 7 ਲੱਖ ਦਾ ਚੈੱਕ ਦਿੱਤਾ
ਬੈਸਟ ਹਾਈ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ ਸਕੂਲ
ਮਹਿਲ ਕਲਾਂ, 15 ਮਾਰਚ
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਨਾਈਵਾਲਾ ਨੂੰ ਸਾਲ 2023-24 ਲਈ ਬਰਨਾਲਾ ਜ਼ਿਲ੍ਹੇ ਵਿੱਚੋਂ ਬੈਸਟ ਹਾਈ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ। ਇਸ ਐਵਾਰਡ ਵਿੱਚ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ ਇਨਾਮੀ ਰਾਸ਼ੀ ਦੇ ਤੌਰ 'ਤੇ 7 ਲੱਖ 50 ਹਜ਼ਾਰ ਦਾ ਚੈੱਕ ਐਮ.ਐਲ.ਏ. ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਵੱਲੋਂ ਸਕੂਲ ਵਿੱਚ ਪਹੁੰਚ ਕੇ ਦਿੱਤਾ ਗਿਆ।
ਇਸ ਮੌਕੇ ਸ. ਕੁਲਵੰਤ ਸਿੰਘ ਪੰਡੋਰੀ ਐਮ.ਐਲ.ਏ. ਮਹਿਲ ਕਲਾਂ ਨੇ ਇਸ ਪ੍ਰਾਪਤੀ ਲਈ ਹੈਡਮਾਸਟਰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਦਿਅਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਉਪਰਾਲੇ ਕਰਨ ਦੀ ਵਚਨਬੱਧਤਾ ਦੁਹਰਾਈ ।
ਸ਼੍ਰੀ ਰਾਜੇਸ਼ ਗੋਇਲ ਹੈਡਮਾਸਟਰ ਨੇ ਕਿਹਾ ਕਿ ਸਕੂਲ ਨੂੰ ਮਿਲਿਆ ਇਹ ਐਵਾਰਡ ਸਮੁੱਚੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਇਸ ਦੇ ਨਾਲ ਹੀ ਉਹਨਾਂ ਪਿੰਡ ਦੀ ਪੰਚਾਇਤ ਅਤੇ ਸਕੂਲ ਮਨੈਜਮੈਂਟ ਕਮੇਟੀ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਡੀ.ਈ.ਓ (ਸ) ਡਾ. ਬਰਜਿੰਦਰਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ ਅਤੇ ਹੈਡਮਾਸਟਰ ਅਤੇ ਸਮੂਹ ਸਟਾਫ਼ ਨੂੰ ਬੈਸਟ ਹਾਈ ਸਕੂਲ ਦਾ ਐਵਾਰਡ ਮਿਲਣ 'ਤੇ ਖੁਸ਼ੀ ਜਤਾਈ।
ਇਸ ਪ੍ਰੋਗਰਾਮ ਮੌਕੇ ਵੱਖ-ਵੱਖ ਸਖਸ਼ੀਅਤਾਂ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਸਕੂਲ ਸਟਾਫ਼ ਦਾ ਸਨਮਾਨ ਕੀਤਾ ਗਿਆ। ਸਕੂਲ ਹੈਡਮਾਸਟਰ ਅਤੇ ਸਮੂਹ ਸਟਾਫ਼ ਵੱਲੋਂ ਐਮ.ਐਲ.ਏ. ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰੀਸ਼ ਕੁਮਾਰ ਹਿੰਦੀ ਮਾਸਟਰ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਲਾਲੀ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਸੰਜੇ ਸਿੰਗਲਾ ਪ੍ਰਿੰਸੀਪਲ, ਹੈਡਮਾਸਟਰ ਹਰੀਸ਼ ਕੁਮਾਰ, ਕੰਪਿਊਟਰ ਅਧਿਆਪਕ ਮਹਿੰਦਰ ਲਾਲ, ਸੁਖਵਿੰਦਰ ਦਾਸ ਚੇਅਰਮੈਨ ਮਾਰਕਿਟ ਕਮੇਟੀ ਮਹਿਲ ਕਲਾਂ, ਹਰਮਰਨਜੀਤ ਸਿੰਘ, ਕੁਲਦੀਪ ਕੌਰ ਚੇਅਰਮੈਨ ਸਕੂਲ ਮਨੈਜਮੈਂਟ ਕਮੇਟੀ, ਅਮਰਜੀਤ ਸਿੰਘ ਸਰਪੰਚ ਪਿੰਡ ਕੈਰੇ, ਜਤਿੰਦਰ ਸਿੰਘ ਹੈਡਟੀਚਰ, ਸਮਾਜ ਸੇਵੀ ਅਮਰਜੀਤ ਸਿੰਘ, ਡਾ. ਲਖਵੀਰ ਸਿੰਘ ਪੀ.ਏ. ਐਮ.ਐਲ.ਏ. ਮਹਿਲ ਕਲਾਂ, ਬਿੰਦਰ ਸਿੰਘ ਹਾਜ਼ਰ ਸਨ।