ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ ਅਧੀਨ ਐਮ.ਆਈ.ਜੀ. ਫਲੈਟਸ 'ਚ ਵੋਟਰਾਂ ਨੂੰ ਕੀਤਾ ਜਾਗਰੂਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ ਅਧੀਨ ਐਮ.ਆਈ.ਜੀ. ਫਲੈਟਸ 'ਚ ਵੋਟਰਾਂ ਨੂੰ ਕੀਤਾ ਜਾਗਰੂਕ
- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਤੇ ਪ੍ਰਭਾਵ 'ਚ ਆਏ ਵੋਟ ਪਾਉਣ ਦਾ ਸੱਦਾ
ਲੁਧਿਆਣਾ, 13 ਮਈ (000) - ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਹਲਕਾ 062-ਆਤਮ ਨਗਰ ਵਿਖੇ ਵੋਟਰ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।
ਸਵੀਪ ਗਤੀਵਿਧੀਆਂ ਤਹਿਤ, ਏ.ਆਰ.ਓ 062-ਆਤਮ ਨਗਰ, ਲੁਧਿਆਣਾ ਪਰਮਦੀਪ ਸਿੰਘ ਪੀ.ਸੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 062 ਆਤਮ ਨਗਰ, ਲੁਧਿਆਣਾ ਦੇ ਸਵੀਪ ਨੋਡਲ ਅਫ਼ਸਰ ਬਲਵੰਤ ਸਿੰਘ ਅਤੇ ਕੋ-ਨੋਡਲ ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦਸਮੇਸ਼ ਨਗਰ ਦੇ ਐਮ.ਆਈ.ਜੀ. ਫਲੈਟਸ ਦੇ ਪਾਰਕ ਵਿਖੇ ਸੁਪਰਵਾਇਜ਼ਰ ਸਿਮਰਜੀਤ ਸਿੰਘ ਦੀ ਅਗਵਾਈ ਵਿੱਚ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਸਬੰਧੀ ਵੋਟਰਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਜਾਗਰੂਕ ਕੀਤਾ ਅਤੇ ਬਿਨ੍ਹਾਂ ਕਿਸੇ ਲਾਲਚ ਤੋਂ ਨਿਰਲੇਪ ਰਹਿ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਸਵੀਪ ਪ੍ਰੋਗਰਾਮ ਤਹਿਤ ਸਮੂਹ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਵੋਟਰਾਂ ਨੂੰ 70 ਫੀਸਦ (ਇਸ ਵਾਰ, 70 ਪਾਰ) ਦਾ ਟੀਚਾ ਪ੍ਰਾਪਤ ਕਰਨ ਲਈ ਪੂਰੇ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਪੋਲਿੰਗ ਬੂਥਾਂ 'ਤੇ ਨਿੰਬੂ ਪਾਣੀ, ਮਿੱਠਾ ਪਾਣੀ, ਪੱਖੇ, ਸ਼ੈਡ ਅਤੇ ਬੈਠਣ ਦੀਆਂ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਪ੍ਰਬੰਧਾਂ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ ਪਹਿਲੀ ਜੂਨ ਨੂੰ ਲੋੜੀਂਦੀ ਆਵਾਜਾਈ ਸਹੂਲਤ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਬਗੈਰ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।