ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦਾ ਪਲੇਠਾ ਸੈਸ਼ਨ ਇਸ ਵਰ੍ਹੇ ਤੋਂ ਹੋਵੇਗਾ ਸ਼ੁਰੂ: ਦਾਖ਼ਲਾ ਪ
ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦਾ ਪਲੇਠਾ ਸੈਸ਼ਨ ਇਸ ਵਰ੍ਹੇ ਤੋਂ ਹੋਵੇਗਾ ਸ਼ੁਰੂ: ਦਾਖ਼ਲਾ ਪ੍ਰੀਖਿਆ ਲਈ 28 ਮਈ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ
• ਦਾਖ਼ਲਾ ਪ੍ਰੀਖਿਆ 4 ਜੂਨ ਨੂੰ
ਚੰਡੀਗੜ੍ਹ, 23 ਮਈ:
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਪ੍ਰੈਪਰੇਟਰੀ ਵਿੰਗ ਦੇ ਪਹਿਲੇ ਬੈਚ ਵਾਸਤੇ ਲਈ ਜਾਣ ਵਾਲੀ ਲਿਖਤੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਇਸ ਅਕਾਦਮਿਕ ਸੈਸ਼ਨ ਤੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫੈਸਲੇ ਨਾਲ ਰੱਖਿਆ ਸੇਵਾਵਾਂ ਵਿੱਚ ਲੜਕੀਆਂ ਨੂੰ ਮੌਕੇ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਪੰਜਾਬ ਮੋਹਰੀ ਸੂਬੇ ਵਜੋਂ ਬਰਕਰਾਰ ਹੈ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ.ਸੰਧੂ (ਸੇਵਾਮੁਕਤ) ਨੇ ਦੱਸਿਆ ਕਿ 4 ਜੂਨ, 2023 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਅਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 28 ਮਈ, 2023 ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਅਹਿਮ ਪਹਿਲਕਦਮੀ ਸੂਬੇ ਦੀਆਂ ਔਰਤਾਂ ਦੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਹੋਰ ਸਸ਼ਕਤ ਬਣਾਏਗੀ।
ਮੇਜਰ ਜਨਰਲ ਜੇ.ਐਸ.ਸੰਧੂ (ਸੇਵਾਮੁਕਤ) ਨੇ ਦੱਸਿਆ ਕਿ ਇਸ ਸਾਲ ਪਹਿਲੇ ਬੈਚ ਲਈ ਕੁੱਲ 10 ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਨ.ਡੀ.ਏ ਪ੍ਰੈਪਰੇਟਰੀ ਕੋਰਸ ਲਈ ਅਪਲਾਈ ਕਰਨ ਦੀਆਂ ਚਾਹਵਾਨ ਲੜਕੀਆਂ ਨੇ 2023 ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਕੋਰਸ ਲਈ ਗਿਆਰਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ ਪਰ ਉਨ੍ਹਾਂ ਦੀ ਜਨਮ ਮਿਤੀ 02 ਜੁਲਾਈ, 2006 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਪੰਜਾਬ ਦੀ ਵਸਨੀਕ ਹੋਣ ਦਾ ਸਬੂਤ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਵਿੱਚ ਚੁਣੀਆਂ ਜਾਣ ਵਾਲੀਆਂ ਲੜਕੀਆਂ ਦੀ ਸਿਖਲਾਈ ਸਮੇਤ ਰਹਿਣ-ਸਹਿਣ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।