ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਲੋਕ ਸਭਾ ਚੋਣਾਂ-2024
ਡੀ ਸੀ, ਡੀ ਆਈ ਜੀ ਅਤੇ ਐਸ ਐਸ ਪੀ ਨੇ ਮੁਹਾਲੀ ਦੀਆਂ ਸੜ੍ਹਕਾਂ ’ਤੇ ਫਲੈਗ ਮਾਰਚ ਦੀ ਅਗਵਾਈ ਕੀਤੀ
1 ਜੂਨ ਨੂੰ ਮਤਦਾਨ ਮੁਕੰਮਲ ਹੋਣ ਤੱਕ ਨਿਰੰਤਰ ਚੌਕਸੀ ਜਾਰੀ ਰਹੇਗੀ
ਪ੍ਰਸ਼ਾਸਨ ਵੱਲੋਂ ਪੁਲਿਸ ਨਾਕਿਆਂ, ਐਫ.ਐਸ.ਟੀ., ਐਸ.ਐਸ.ਟੀਜ਼ ਆਦਿ ਰਾਹੀਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ
ਪ੍ਰਸ਼ਾਸਨ ਹਰ ਕੀਮਤ ’ਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਪਾਬੰਦ
ਐਸ.ਏ.ਐਸ.ਨਗਰ, 31 ਮਈ, 2024:
1 ਜੂਨ ਨੂੰ ਹੋਣ ਜਾ ਰਹੇ ਮਤਦਾਨ ਵਾਲੇ ਦਿਨ ਤੋਂ ਪਹਿਲਾਂ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਡੀਆਈਜੀ ਰੂਪਨਗਰ ਰੇਂਜ ਨੀਲਾਂਬਰੀ ਜਗਦਲੇ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਅਤੇ ਅਰਧ-ਸੈਨਿਕ ਬਲਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਫਲੈਗ ਮਾਰਚ ਦੀ ਅਗਵਾਈ ਕੀਤੀ। ਫਲੈਗ ਮਾਰਚ ਮੁਹਾਲੀ ਦੇ ਫੇਜ਼ 7 ਦੀ ਮਾਰਕੀਟ ਤੋਂ ਸ਼ੁਰੂ ਹੋਇਆ।
ਡੀ ਸੀ ਜੈਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਰੱਖਣ ਲਈ ਮਾੜੇ ਅਨਸਰਾਂ ਨੂੰ ਵੋਟਰਾਂ ਤੋਂ ਦੂਰ ਰੱਖਣ ਲਈ ਮਤਦਾਨ ਮੁਕੰਮਲ ਹੋਣ ਤੱਕ ਚੌਵੀ ਘੰਟੇ ਨਿਗਰਾਨੀ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਫਲੈਗ ਮਾਰਚ ਵੀ ਵਿਸ਼ਵਾਸ ਪੈਦਾ ਕਰਨ ਵਾਲੇ ਉਪਾਅ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਹਰੇਕ ਵਿਅਕਤੀ ਨੂੰ 1 ਜੂਨ ਨੂੰ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਐਂਟਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ।
ਡੀ ਆਈ ਜੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਪੈਰਾ-ਮਿਲਟਰੀ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਗਸ਼ਤ ਪਾਰਟੀਆਂ ਨੂੰ ਇਲਾਕੇ ਵਿੱਚ ਗਸ਼ਤ ਕਰਨ ਦੇ ਨਾਲ-ਨਾਲ ਸੁਰੱਖਿਆ ਬਲਾਂ ਵੱਲੋਂ ਖਾਸ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਲਗਾਤਾਰ ਫਲੈਗ ਮਾਰਚ ਅਤੇ ਪੈਦਲ ਮਾਰਚ ਕਰਨ ਲਈ ਤਾਇਨਾਤ ਕੀਤਾ ਗਿਆ ਹੈ।
ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਫਲਾਇੰਗ ਸਕੁਐਡ ਟੀਮਾਂ (ਐਫਐਸਟੀ), ਸਟੈਟਿਕ ਸਰਵੀਲੈਂਸ ਟੀਮਾਂ (ਐਸਐਸਟੀ) ਨਾਲ ਤਾਲਮੇਲ ਕਰਕੇ ਕੰਮ ਕਰ ਰਹੀ ਹੈ ਅਤੇ ਆਬਕਾਰੀ ਅਤੇ ਅਰਧ ਸੈਨਿਕ ਬਲਾਂ ਦੁਆਰਾ ਏਕੀਕ੍ਰਿਤ ਨਾਕਿਆਂ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ਭਰ ਵਿੱਚ ਸਖ਼ਤ ਚੌਕਸੀ ਰੱਖੀ ਜਾ ਸਕੇ।
ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ 170 ਗਸ਼ਤ ਟੀਮਾਂ ਲਗਾ ਕੇ ਅਤੇ 60 ਅੰਤਰ-ਜ਼ਿਲ੍ਹਾ ਅਤੇ ਅੰਤਰ-ਰਾਜੀ ਨਾਕੇ ਲਗਾ ਕੇ ਚੌਵੀ ਘੰਟੇ ਗਸ਼ਤ ਜਾਰੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।