ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪੰਚਾਇਤਾਂ ਨੂੰ ਪਿੰਡਾਂ ’ਚ ਵੱਧ ਤੋਂ ਵੱਧ ਖੇਡ ਸਰਗਰਮੀਆਂ ਕਰਵਾਉਣ ਦਾ ਸ
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪੰਚਾਇਤਾਂ ਨੂੰ ਪਿੰਡਾਂ ’ਚ ਵੱਧ ਤੋਂ ਵੱਧ ਖੇਡ ਸਰਗਰਮੀਆਂ ਕਰਵਾਉਣ ਦਾ ਸੱਦਾ
ਪੰਜਾਬ ਸਰਕਾਰ ਨੇ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ 979 ਕਰੋੜ ਰੁਪਏ ਰੱਖੇ, ਪਿੰਡਾਂ ’ਚ ਬਣਨਗੇ ਖੇਡ ਮੈਦਾਨ ਅਤੇ 3000 ਇਨਡੋਰ ਜਿੰਮ
ਡਾ. ਚੱਬੇਵਾਲ ਵਲੋਂ ਪਿੰਡ ਬੈਂਸਤਾਨੀ ਵਿਖੇ ਪਹਿਲੇ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦਾ ਉਦਘਾਟਨ,
ਪਿੰਡ ‘ਚ ਆਧੁਨਿਕ ਸਟੇਡੀਅਮ ਬਣਾਉਣ, ਸੋਲਰ ਲਾਈਟਾਂ ਲਗਵਾਉਣ ਅਤੇ ਜਿੰਮ ਦੇਣ ਦਾ ਐਲਾਨ
ਬੈਂਸਤਾਨੀ (ਹੁਸ਼ਿਆਰਪੁਰ), 12 ਅਪ੍ਰੈਲ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਗ੍ਰਾਮ ਪੰਚਾਇਤ, ਬੈਂਸਤਾਨੀ ਵਲੋਂ ਸ਼ੁਰੂ ਕਰਵਾਏ ਪਹਿਲੇ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਤਾਕੀਦ ਕੀਤੀ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਖੇਡ ਸਰਗਰਮੀਆਂ ਕਰਵਾਈਆਂ ਜਾਣ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਦਾ ਟੀਚਾ ਸਰ ਕੀਤਾ ਜਾ ਸਕੇ। ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਚਾਇਤਾਂ ਨੂੰ ਧੁਰਾ ਦੱਸਦਿਆਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ ਪੱਧਰ ’ਤੇ ਖੇਡਾਂ ਦਾ ਮਾਹੌਲ ਸਿਰਜਨਾ ਸਮੇਂ ਦੀ ਮੁੱਖ ਮੰਗ ਹੈ ਜਿਸ ਲਈ ਪੰਚਾਇਤਾਂ ਨੂੰ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਸੁਹਿਰਦ ਯਤਨ ਕਰਕੇ ਨੌਜਵਾਨਾਂ ਨੂੰ ਖੇਡ ਸਭਿਆਚਾਰ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ’ਖੇਡਦਾ ਪੰਜਾਬ, ਬਦਲਦਾ ਪੰਜਾਬ’ ਦੇ ਪਹਿਲਕਦਮੀ ਤਹਿਤ ਖੇਡਾਂ ਲਈ ਜੰਗੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਨੂੰ ਖੇਡ ਮੈਦਾਨ ਅਤੇ ਇਨਡੋਰ ਜਿੰਮ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖੇਡਾਂ ਲਈ ਚਾਲੂ ਵਿੱਤੀ ਸਾਲ ਦੌਰਾਨ 979 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ ਜੋ ਕਿ ਖੇਡਾਂ ਦੇ ਖੇਤਰ ਲਈ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਾਜ ਅੰਦਰ 13 ਸੈਂਟਰ ਆਫ਼ ਐਕਸੀਲੈਂਸ ਕੇਂਦਰਾਂ ਨੂੰ ਵੀ ਅਪਗਰੇਡ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਜੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਲਈ ਖੇਡ ਹੱਬ ਵਜੋਂ ਵਿਕਸਿਤ ਹੋ ਜਾਣਗੇ। ਵਾਲੀਬਾਲ ਟੂਰਨਾਮੈਂਟ ਕਰਵਾਉਣ ਲਈ ਪਿੰਡ ਦੀ ਪੰਚਾਇਤ, ਸਰਪੰਚ ਸੰਤੋਸ਼ ਸਿੰਘ, ਐਨ.ਆਰ.ਆਈ. ਬਲਜੀਤ ਸਿੰਘ, ਪੰਚ ਭੁਪਿੰਦਰ ਸਿੰਘ ਪੱਪੂ, ਹਰਭਜਨ ਸਿੰਘ, ਦਵਿੰਦਰ ਸਿੰਘ, ਤੀਰਥ ਸਿੰਘ ਤੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁਝ ਹਫਤਿਆਂ ਦੌਰਾਨ ਹੀ ਤਰਨ ਤਾਰਨ ਜ਼ਿਲ੍ਹੇ ਵਿਚ ਵਾਲੀਬਾਲ ਖੇਡ ਦੀ ਹਰਮਨ ਪਿਆਰਤਾ ਨੂੰ ਦੇਖਦਿਆਂ 15 ਦਿਨਾਂ ਵਿਚ ਹੀ ਪਾਇਲਟ ਆਧਾਰ ’ਤੇ ਪਿੰਡਾਂ ਵਿਚ 87 ਖੇਡ ਮੈਦਾਨ ਬਣਾਏ ਜਿਸ ਨਾਲ ਵਾਲੀਬਾਲ ਖੇਡ ਨੂੰ ਬਲ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਵਿਭਾਗ ਵਲੋਂ ਹਰ ਪਿੰਡ ਵਿਚ ਪ੍ਰਸਿੱਧ ਖੇਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਅਨੁਸਾਰ ਆਉਂਦੇ ਸਾਲ ਇਨ੍ਹਾਂ ਪਿੰਡਾਂ ਵਿਚ ਲੋੜ ਅਨੁਸਾਰ ਖੇਡ ਮੈਦਾਨ ਬਣਾਏ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖੇਡਾਂ ਪ੍ਰਤੀ ਦੂਰਅੰਦੇਸ਼ ਲਈ ਧੰਨਵਾਦ ਕਰਦਿਆਂ ਡਾ.ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ 3000 ਇਨਡੋਰ ਜਿੰਮ ਬਣਾਉਣ ਦਾ ਐਲਾਨ ਕਾਬਿਲੇਤਾਰੀਫ ਹੈ ਜਿਸ ਨਾਲ ਪਿੰਡਾਂ ਵਿਚ ਖੇਡਾਂ ਦਾ ਬੁਨਿਆਦੀ ਢਾਂਚਾ ਹੋ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਬਣਨ ਵਾਲੇ ਖੇਡ ਮੈਦਾਨ ਮੁਕੰਮਲ ਤੌਰ ’ਤੇ ਮਿਆਰੀ ਹੋਣਗੇ ਜਿਨ੍ਹਾਂ ਵਿਚ ਦੌੜਨ ਲਈ ਟਰੈਕ, ਬੱਚਿਆਂ ਲਈ ਵੱਖਰਾ ਖੇਡ ਖੇਤਰ ਅਤੇ ਸੋਲਰ ਲਾਈਟਿੰਗ ਆਦਿ ਦਾ ਵੀ ਪ੍ਰਬੰਧ ਹੋਵੇਗਾ।
ਡਾ. ਚੱਬੇਵਾਲ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਪੰਜਾਬੀਆਂ ਨੇ ਦੁਨੀਆਂ ਦੇ ਖੇਡ ਨਕਸ਼ੇ ’ਤੇ ਹਮੇਸ਼ਾ ਵਿਲੱਖਣ ਛਾਪ ਛੱਡੀ ਹੈ ਜਿਸ ਨੂੰ ਬਰਕਰਾਰ ਰੱਖਦਿਆਂ ਨੌਜਵਾਨ ਆਪਣੀਆਂ ਪਸੰਦੀਦਾ ਖੇਡਾਂ ਨਾਲ ਜੁੜ ਕੇ ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਨਾਮਣਾ ਖੱਟਣ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਕੇ ਨਸ਼ਿਆਂ ਨੂੰ ਸਹਿਜੇ ਹੀ ਮਾਤ ਦਿੱਤੀ ਜਾ ਸਕਦੀ ਹੈ ਜਿਸ ਲਈ ਸਾਰਿਆਂ ਨੂੰ ਸਾਂਝੇ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਦੀ ਮੰਗ ‘ਤੇ ਪਿੰਡ ਵਿਚ ਆਧੁਨਿਕ ਸਟੇਡੀਅਮ ਤੇ ਜਿੰਮ ਬਣਵਾਉਣ ਤੋਂ ਇਲਾਵਾ 25 ਸੋਲਰ ਲਾਈਟਾਂ ਲਗਵਾਉਣ ਦਾ ਵੀ ਐਲਾਨ ਕੀਤਾ, ਜਿਸ ‘ਤੇ ਪਿੰਡ ਦੀ ਪੰਚਾਇਤ ਵਲੋੰ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਗਿਆ ।
ਕੈਪਸ਼ਨ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਪਿੰਡ ਬੈਂਸਤਾਨੀ ਵਿਖੇ ਪਹਿਲੇ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ।
ਕੈਪਸ਼ਨ-ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਪਿੰਡ ਬੈਂਸਤਾਨੀ ਵਿਖੇ ਪਹਿਲੇ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ।
ਕੈਪਸ਼ਨ-ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਪਿੰਡ ਬੈਂਸਤਾਨੀ ਵਿਖੇ ਪਹਿਲੇ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦੌਰਾਨ ਸੰਬੋਧਨ ਕਰਦੇ ਹੋਏ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੰਦੇ ਪਿੰਡ ਬੈਂਸਤਾਨੀ ਦੀ ਪੰਚਾਇਤ ।