ਡਿਪਟੀ ਕਮਿਸ਼ਨਰ ਨੇ ਐਮ.ਸੀ.ਐਚ ਦੇ ਵਿਸਤਾਰ 'ਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਗਤੀ ਤੇਜ਼ ਕਰਨ ਦੇ ਨ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ
ਡਿਪਟੀ ਕਮਿਸ਼ਨਰ ਨੇ ਐਮ.ਸੀ.ਐਚ ਦੇ ਵਿਸਤਾਰ 'ਤੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨੂੰ ਗਤੀ ਤੇਜ਼ ਕਰਨ ਦੇ ਨਿਰਦੇਸ਼
ਤੇਜੀ ਨਾਲ ਮੁਕੰਮਲ ਕਰਨ, ਐਲ.ਈ.ਡੀ ਟੀ ਵੀ ਦੀ ਸਥਾਪਨਾ, ਉਡੀਕ ਖੇਤਰ ਵਿੱਚ ਕੁਰਸੀਆਂ ਲਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੇ ਆਦੇਸ਼
ਲੁਧਿਆਣਾ, 27 ਜੂਨ (2024)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀਰਵਾਰ ਨੂੰ ਅਧਿਕਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਜੱਚਾ-ਬੱਚਾ ਕੇਂਦਰ ਦੇ ਵਿਸਥਾਰ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਚੱਲ ਰਹੇ ਕੰਮ ਦੇ ਆਪਣੇ ਨਿਰੀਖਣ ਦੌਰਾਨ, ਸਾਹਨੀ ਨੇ ਨਿਰਮਾਣ ਲਈ ਜ਼ਿੰਮੇਵਾਰ ਏਜੰਸੀ ਨੂੰ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਤੁਰੰਤ ਆਪਣੇ ਕਰਮਚਾਰੀਆਂ ਨੂੰ ਵਧਾਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐੱਚ.ਐੱਸ.ਸੀ) ਦੇ ਅਧਿਕਾਰੀਆਂ ਨੂੰ ਹਰੇਕ ਕੰਮ ਦੀ ਸਮਾਂ-ਸੀਮਾ 'ਤੇ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਤਾਂ ਜੋ ਕੰਮ ਦੀ ਗਤੀ 'ਤੇ ਨੇੜਿਓਂ ਨਿਗਰਾਨੀ ਰੱਖੀ ਜਾ ਸਕੇ। ਸਾਹਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਵਿਕਾਸ ਕਾਰਜ ਨਿਸ਼ਚਤ ਸਮਾਂ ਸੀਮਾ ਦੇ ਅੰਦਰ ਪੂਰੇ ਕੀਤੇ ਜਾਣੇ ਚਾਹੀਦੇ ਹਨ ਅਤੇ ਏਜੰਸੀ ਦੇ ਕੰਮਕਾਜ 'ਤੇ ਸਰਗਰਮ ਨਿਗਰਾਨੀ ਰੱਖਣ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਵਿਭਾਗ/ਸਿਵਲ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਮਾਰਤਾਂ/ਵਾਰਡਾਂ ਦਾ ਨਿਯਮਤ ਨਿਰੀਖਣ ਕਰਨ ਤਾਂ ਜੋ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੇਟਿੰਗ ਏਰੀਆ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬੈਠਣ ਦੇ ਢੁਕਵੇਂ ਪ੍ਰਬੰਧਾਂ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇ। ਉਹਨਾਂ ਨੇ ਐਲ.ਈ.ਡੀ.ਟੀ.ਵੀ ਲਗਾਉਣ ਅਤੇ ਬੱਚਿਆਂ ਲਈ ਖੇਡ ਖੇਤਰ ਸਥਾਪਤ ਕਰਨ ਬਾਰੇ ਵੀ ਪੁੱਛਿਆ।
ਸਾਹਨੀ ਨੇ ਪੰਜਾਬ ਸਰਕਾਰ ਦੀਆਂ ਬਿਹਤਰ ਸਿਹਤ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਉਪਰਾਲੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।