ਬੁਖਾਰ ਹੋਣ ਦੀ ਸੂਰਤ ' ਚ ਸਰਕਾਰੀ ਹਸਪਤਾਲ ਤੋਂ ਕਰਵਾਓ ਜਾਂਚ : ਐਸਐਮਓ ਡਾ. ਐਰਿਕ
ਬੁਖਾਰ ਹੋਣ ਦੀ ਸੂਰਤ ' ਚ ਸਰਕਾਰੀ ਹਸਪਤਾਲ ਤੋਂ ਕਰਵਾਓ ਜਾਂਚ : ਐਸਐਮਓ ਡਾ. ਐਰਿਕ
ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸਟਾਫ ਵਲੋਂ ਕੱਢੀ ਗਈ ਮਲੇਰੀਆਂ ਜਾਗਰੂਕਤਾ ਰੈਲੀ
ਫਾਜ਼ਿਲਕਾ 27 ਜੂਨ
ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਤੇ ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਦੇ ਐੱਸਐੱਮਓ ਡਾ. ਏਰਿਕ ਐਡੀਸਿਨ (ਵਾਧੂ ਚਾਰਜ) ਪ੍ਰਬੰਧਕੀ ਇੰਚਾਰਜ ਡਾ. ਗੁਰਮੇਜ ਸਿੰਘ ਤੇ ਬਲਾਕ ਐੱਸਆਈ ਸੁਮਨ ਕੁਮਾਰ ਦੀ ਅਗਵਾਈ ਹੇਠ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਵਿਖੇ ਮਲੇਰੀਆ ਜਾਗਰੂਕਤਾ ਰੈਲੀ ਕੱਢੀ ਗਈ।
ਜਾਣਕਾਰੀ ਦਿੰਦਿਆਂ ਐਸਆਈ ਸੁਮਨ ਕੁਮਾਰ ਨੇ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਮਲੇਰੀਆ ਬੁਖਾਰ ਦੇ ਲੱਛਣਾਂ, ਬਚਾਅ ਅਤੇ ਰੋਕਥਾਮ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਤੇਜ ਬੁਖਾਰ, ਸਿਰ ਦਰਦ, ਘਬਰਾਹਟ, ਉਲਟੀਆਂ, ਕਾਂਬਾ ਲੱਗਣਾ, ਬੁਖਾਰ ਉਤਰਨ ਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਮਲੇਰੀਆ ਬੁਖਾਰ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਤੇ ਸਾਫ਼ ਸਫ਼ਾਈ ਰੱਖੀ ਜਾਵੇ। ਇਹ ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਖੜੇ ਪਾਣੀ ਵਿੱਚ ਕਾਲਾ ਤੇਲ ਪਾ ਕੇ ਇਸ ਦੀ ਪੈਦਾਵਾਰ ਰੋਕੀ ਜਾ ਸਕਦੀ ਹੈ ਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
ਮਲੇਰੀਆ ਫੈਲਾਉਣ ਵਾਲਾ ਮਾਦਾ ਐਨੋਫਲੀਜ਼ ਮੱਛਰ ਰਾਤ ਸਮੇਂ ਕੱਟਦਾ ਹੈ, ਇਸ ਕਰਕੇ ਰਾਤ ਦੇ ਸਮੇਂ ਪੂਰੀਆਂ ਬਾਹਾਂ ਵਾਲੇ ਕੱਪੜੇ ਅਤੇ ਸਰੀਰ ਨੂੰ ਕੱਪੜੇ ਨਾਲ ਢੱਕ ਕੇ ਸੌਣਾ ਚਾਹੀਦਾ ਹੈ। ਮੱਛਰਦਾਨੀਆਂ ਤੇ ਮੱਛਰ ਭਜਾਉ ਕਰੀਮਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਈ ਵੀ ਬੁਖਾਰ ਹੋਣ ਦੀ ਸੂਰਤ ਵਿੱਚ ਜਲਦੀ ਤੋਂ ਜਲਦੀ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ। ਮਲੇਰੀਆ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਬਲਾਕ ਜੰਡਵਾਲ਼ਾ ਭੀਮੇਸ਼ਾਹ ਦੇ ਅਧੀਨ ਆਉਂਦੇ ਸਮੂਹ ਸਬ ਸੈਂਟਰਾਂ ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਸਮੂਹ ਸਟਾਫ, ਗੁਰਦੁਆਰਾ ਨਿਗਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਮੌੜ, ਮੈਨੇਜਰ ਹਰਪਾਲ ਸਿੰਘ ਚਾਵਲਾ ਹੋਰ ਪਤਵੰਤੇ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ।