ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਕਾਰਣ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ- ਡਾ. ਅਮਰੀਕ ਸਿੰਘ ,
ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਕਾਰਣ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ- ਡਾ. ਅਮਰੀਕ ਸਿੰਘ , ਮੁੱਖ ਖ਼ੇਤੀਬਾੜੀ ਅਫ਼ਸਰ
ਬਟਾਲਾ/ ਡੇਰਾ ਬਾਬਾ ਨਾਨਕ, 17 ਅਪ੍ਰੈਲ (2025) ਤਹਿਸੀਲ ਕੰਪਲੈਕਸ ਡੇਰਾ ਬਾਬਾ ਨਾਨਕ ਦੇ ਮੀਟਿੰਗ ਹਾਲ ਵਿਖੇ ਬੀਜ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆ ਡਾ. ਅਮਰੀਕ ਸਿੰਘ ਮੁੱਖ ਖ਼ੇਤੀਬਾੜੀ ਅਫ਼ਸਰ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੱਕਣ ਵਿੱਚ ਵੱਧ ਸਮਾਂ ਲੈਣ ਵਾਲੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਕਰਨ ‘ਤੇ ਲਗਾਈ ਪਾਬੰਦੀ ਕਾਰਨ ਕੋਈ ਵੀ ਬੀਜ ਵਿਕ੍ਰੇਤਾ ਗੈਰ-ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵਿਕਰੀ ਨਾ ਕਰਨ। ਜੇਕਰ ਕੋਈ ਵੀ ਬੀਜ ਵਿਕਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆ ਕਿਸਮਾਂ ਨੂੰ ਤਰਜੀਹ ਦੇਣ ਲਈ ਜਾਗਰੂਕ ਕੀਤਾ ਜਾਵੇਗਾ। ਪਾਣੀ ਕੁਦਰਤ ਵਲੋਂ ਬਖਸ਼ੀ ਅਜਿਹੀ ਬੇਸ਼ਕੀਮਤੀ ਸੌਗਾਤ ਹੈ ਜਿਸ ਦੇ ਬਗੈਰ ਜੀਵਨ ਸੰਭਵ ਨਹੀਂ ਹੈ। ਉਨਾਂ ਕਿਹਾ ਕਿ ਝੋਨੇ ਦੀ ਖੇਤੀ ਕਾਰਨ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਗਿਰਾਵਟ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੂਸਾ 44, ਪੀਲੀ ਪੂਸਾ ਅਤੇ ਡੋਗਰ ਪੂਸਾ ਕਿਸਮਾਂ ਦੀ ਬਿਜਾਈ ਕਰਨ ‘ਤੇ ਪਾਬੰਧੀ ਲਗਾ ਦਿੱਤੀ ਹੈ।
ਉਨਾਂ ਦੱਸਿਆ ਕਿ ਇਨਾਂ ਕਿਸਮਾਂ ਤੋਂ ਇਲਾਵਾ ਝੋਨੇ ਦੀਆਂ ਦੋਗਲੀਆਂ ਕਿਸਮਾਂ ਦੀ ਬਿਜਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋਂ ਕਿਸਾਨਾਂ ਨੂੰ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਚਾਰ ਪੜਾਵਾਂ ਵਿੱਚ ਝੋਨੇ ਦੀ ਲਵਾਈ ਹੋਵੇਗੀ ਜਿਸ ਅਧੀਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਝੋਨੇ ਦੀ ਲਵਾਈ ਦਾ ਸਮਾਂ 5 ਜੂਨ ਤੋਂ ਸੁਰੂ ਹੈ।
ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਨਾਂ ਕਰਨ ਲਈ ਪੂਰੀ ਸਖਤੀ ਕੀਤੀ ਜਾਵੇਗੀ ਅਤੇ ਇਸਦੇ ਬੀਜ ਨੂੰ ਵਿਕਣ ਨਹੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਮੂਹ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਹਰੇਕ ਕਿਸਾਨ ਨੂੰ ਬੀਜ ਦੀ ਵਿਕਰੀ ਕਰਨ ਉਪਰੰਤ ਬਿੱਲ ਹਰ ਹਾਲਤ ਵਿੱਚ ਕੱਟ ਕੇ ਦਿੱਤਾ ਜਾਵੇ ਅਤੇ ਜੇਕਰ ਕੋਈ ਬੀਜ ਵਿਕ੍ਰੇਤਾ ਬਿੱਲ ਦੇਣ ਤੋਂ ਬਗੈਰ ਬੀਜ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ।
ਉਨਾਂ ਦੱਸਿਆ ਕਿ ਕਿਸਾਨਾਂ ਨੂੰ ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਪੀ ਆਰ 126, 127, 128, 129, 130, 131 ਅਤੇ 132 ਕਿਸਮਾਂ ਦੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਕਿਸਮਾਂ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹਨ। ਉਹਨਾਂ ਕਿਹਾ ਕਿ ਇਸ ਵਾਰ ਸ਼ੈਲਰ ਮਾਲਕਾਂ ਨੇ ਵੀ ਕਿਹਾ ਹੈ ਕਿ ਪੀ ਆਰ 126 ਝੋਨੇ ਦੀ ਕਿਸਮ ਤੋਂ ਕੋਈ ਦਿੱਕਤ ਨਹੀਂ ਹੈ ਅਤੇ ਇਸ ਕਿਸਮ ਦੀ ਖਰੀਦ ਆਮ ਕਿਸਮਾਂ ਵਾਂਗ ਹੀ ਹੋਵੇਗੀ।
ਉਨਾਂ ਦੱਸਿਆ ਕਿ ਅਣਅਧਿਕਾਰਤ ਕਿਸਮਾਂ ਦੀ ਵਿਕਰੀ ਰੋਕਣ ਲਈ ਸਮੂਹ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਹਨ ਕਿ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ। ਉਨਾਂ ਕਿਹਾ ਕਿ ਪੀਆਰ 126 ਸਮੇਤ ਘੱਟ ਸਮਾਂ ਵਾਲੀਆਂ ਕਿਸਮਾਂ ਦੇ ਬੀਜ ਹੀ ਕਿਸਾਨਾਂ ਨੂੰ ਉਪਲੱਭਦ ਕਰਵਾਏ ਜਾਣਗੇ ਤੇ ਬੀਜ ਡੀਲਰਾਂ ‘ਤੇ ਤਿੱਖੀ ਨਜਰ ਰੱਖੀ ਜਾਵੇਗੀ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਖਬੀਰ ਸਿੰਘ ਸੰਧੂ, ਡਾ.ਗੁਰਪ੍ਰੀਤ ਸਿੰਘ ਬੀਜ ਅਫ਼ਸਰ, ਡਾ. ਹਰਮਨਦੀਪ ਸਿੰਘ, ਡਾ. ਗੁਰਪ੍ਰਤਾਪ ਸਿੰਘ, ਡਾ. ਵਿਸਾਰਦ ਕੁੰਦਰਾ ਖ਼ੇਤੀਬਾੜੀ ਵਿਕਾਸ ਅਫ਼ਸਰ, ਪੁਨੀਤ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਬੀਜ ਵਿਕ੍ਰੇਤਾ ਹਾਜ਼ਰ ਸਨ।