Vidhan Sabha Speaker Kultar Sandhawan
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਸਬੰਧੀ ਸਮਾਗਮਾਂ 'ਚ ਕੀਤੀ ਸ਼ਮੂਲੀਅਤ
ਮਹਾਨ ਸਿੱਖ ਜਰਨੈਲ ਦੇ ਪਾਏ ਪੂਰਨਿਆਂ 'ਤੇ ਪਹਿਰਾ ਦੇਣ ਦੀ ਲੋੜ 'ਤੇ ਜ਼ੋਰ
ਗੁਰਦੁਆਰਾ ਪ੍ਰਬੰਧ ਲਈ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ
ਚੰਡੀਗੜ੍ਹ, 7 ਮਈ: Vidhan Sabha Speaker Kultar Sandhawan: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਖ਼ਦਸ਼ਾ ਜਤਾਇਆ ਕਿ ਵਿਦਿਆਰਥੀਆਂ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਵਿਰਵੇ ਕਰਨ ਲਈ ਸਕੂਲ ਪਾਠਕ੍ਰਮ 'ਚੋਂ ਸਾਜ਼ਿਸ਼ਨ ਇਤਿਹਾਸਕ ਘਟਨਾਵਾਂ, ਖ਼ਾਸਕਰ ਧਾਰਮਿਕ ਇਤਿਹਾਸ ਹਟਾਇਆ ਜਾ ਰਿਹਾ ਹੈ।
ਮੋਹਾਲੀ ਦੇ ਫ਼ੇਜ਼ 3ਬੀ-1 ਸਥਿਤ ਰਾਮਗੜ੍ਹੀਆ ਭਵਨ ਵਿਖੇ ਸਿੱਖ ਰਾਜ ਦੇ ਉਸਰੱਈਏ ਅਤੇ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਸਬੰਧੀ ਰਾਮਗੜ੍ਹੀਆ ਸਭਾ ਮੋਹਾਲੀ ਵੱਲੋਂ ਕਰਵਾਏ ਗਏ ਸਮਾਗਮ 'ਚ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਬਾਬ ਤੋਂ ਰਣਜੀਤ ਨਗਾੜੇ ਤੱਕ ਦੇ ਸਿੱਖ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜ ਕੇ ਜੇਕਰ ਬੱਚੇ ਚੰਗੇ ਇਨਸਾਨ ਬਣ ਗਏ ਤਾਂ ਜ਼ਿੰਦਗੀ ਦੇ ਬਾਕੀ ਪੜਾਅ ਵੀ ਉਹ ਸੁਖਾਲੇ ਹੀ ਸਰ ਕਰ ਲੈਣਗੇ। ਉਨ੍ਹਾਂ ਅਜਿਹੇ ਸਮਾਗਮਾਂ ਨੂੰ ਇਸ ਦਿਸ਼ਾ ਵਿੱਚ ਚੰਗੀ ਪਹਿਲ ਕਰਾਰ ਦਿੱਤਾ।
ਮਿਸਲਾਂ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਹਲੀਮੀ ਸਿੱਖ ਰਾਜ ਦਾ ਮੁੱਢ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੋਂ ਬੱਝਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਸਿੱਖਾਂ ਦੀ ਗਿਣਤੀ ਮਹਿਜ਼ 6 ਫ਼ੀਸਦੀ ਸੀ ਅਤੇ ਸਿੱਖਾਂ ਨੇ ਵਿਸ਼ਾਲ ਸਿੱਖ ਰਾਜ ਖੜ੍ਹਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗੁਰਬਾਣੀ ਉਦੋਂ ਹਰ ਘਰ ਵਿੱਚ ਸੀ ਅਤੇ ਸਿੱਖ ਬਾਣੀ-ਬਾਣੇ ਅਤੇ ਸਿਦਕ ਦੇ ਪੱਕੇ ਸਨ ਜਿਸ ਕਾਰਨ ਸਿੱਖਾਂ ਦੀ ਹਰ ਮੈਦਾਨ ਫ਼ਤਹਿ ਹੁੰਦੀ ਰਹੀ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਗੁਰੂ ਘਰ ਲਈ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲਾਲ ਕਿਲ੍ਹਾ ਫ਼ਤਹਿ ਕਰਨ ਉਪਰੰਤ ਉਨ੍ਹਾਂ ਨੇ ਗੁਰੂ ਘਰਾਂ ਨੂੰ ਉਸਾਰਨ ਵੱਲ ਤਰਜੀਹ ਦਿੱਤੀ ਨਾਕਿ ਸਿਰਫ਼ ਆਪਣੇ ਲਈ ਪੈਸਾ ਜੋੜਿਆ।
ਸ. ਸੰਧਵਾਂ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾ ਨਿਰਸਵਾਰਥ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਹੈ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਯੋਧਿਆਂ ਨੇ ਮਹਾਨ ਗੁਰੂਆਂ ਦੇ ਪਾਏ ਪੂਰਨਿਆਂ ਉਤੇ ਪਹਿਰਾ ਦਿੱਤਾ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਸ ਹਾਂ, ਜਿਸ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ ਮਿਲਦੀ।
ਵਿਧਾਨ ਸਭਾ ਸਪੀਕਰ ਸ. ਸੰਧਵਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ 2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸੇ ਤਰ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਜਿੱਥੇ ਮਹਾਨ ਸਿੱਖ ਜਰਨੈਲ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ, ਉਥੇ ਉਨ੍ਹਾਂ ਨੇ ਰਾਮਗੜ੍ਹੀਆ ਭਵਨ ਦੇ ਹਾਲ ਨੂੰ ਨਵਿਆਉਣ ਦੀ ਜ਼ਿੰਮੇਵਾਰੀ ਵੀ ਲਈ।
ਇਸ ਨੂੰ ਪੜ੍ਹੋ:
ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਬਣਾਉਣ, ਵੇਚਣ ਤੇ ਇਸਦੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਕਸਿਆ ਸ਼ਿਕੰਜਾ