Manufacture Electric Vehicles
ਵਫ਼ਦ ਨੇ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਦਿੱਤੀ ਪ੍ਰਾਜੈਕਟਾਂ ਸਬੰਧੀ ਪੇਸ਼ਕਾਰੀ
ਪੰਜਾਬ ਦੀ ਇਲੈਕਟ੍ਰਿਕ ਵਾਹਨ ਨੀਤੀ ਪੁਰਜ਼ਿਆਂ ਅਤੇ ਬੈਟਰੀਆਂ ਦੇ ਨਿਰਮਾਣ ਲਈ ਪੰਜਾਬ ਨੂੰ ਇਕ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਨ ਦੇ ਸਮਰੱਥ: ਲਾਲਜੀਤ ਸਿੰਘ ਭੁੱਲਰ
ਚੰਡੀਗੜ੍ਹ, 24 ਫ਼ਰਵਰੀ: Manufacture Electric Vehicles: ਬੱਸ ਨਿਰਮਾਣ ਦੇ ਖੇਤਰ ਵਿੱਚ ਮੋਹਰੀ ਕੰਪਨੀ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦੀ ਇੱਛਾ ਜਤਾਈ ਹੈ।
ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਚਲਦਿਆਂ ਅੱਜ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੂੰ ਹਿੰਦੂਜਾ ਗਰੁੱਪ ਦਾ ਵਫ਼ਦ ਮਿਲਿਆ ਜਿਸ ਵਿੱਚ ਸ੍ਰੀ ਐਸ.ਕੇ. ਚੱਢਾ ਸੀਨੀਅਰ ਐਡਵਾਈਜ਼ਰ
ਹਿੰਦੂਜਾ ਗਰੁੱਪ, ਸ੍ਰੀ ਪਿਯੂਸ਼ ਜ਼ੋਨਲ ਹੈਡ ਅਸ਼ੋਕ ਲੇਅਲੈਂਡ, ਸ੍ਰੀ ਅਮਨ ਖੰਨਾ ਬਿਜ਼ਨਸ ਹੈਡ ਮਾਈਂਡ ਸਪੇਸ, ਸ੍ਰੀ ਨਰੇਸ਼ ਅਰੋੜਾ ਜ਼ੋਨਲ ਮੈਨੇਜਰ ਇੰਡਸਇੰਡ ਬੈਂਕ ਅਤੇ ਸ੍ਰੀ ਸਚਿਨ ਨਿਝਾਵਨ ਚੀਫ਼ ਕਮਰਸ਼ੀਅਲ ਆਫ਼ਿਸਰ ਸਵਿੱਚ ਮੋਬੀਲਿਟੀ ਸ਼ਾਮਲ ਸਨ। ਉਨ੍ਹਾਂ ਕੈਬਨਿਟ ਮੰਤਰੀ ਨੂੰ ਕੰਪਨੀ ਦੇ ਉਤਪਾਦਾਂ ਦੀ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨ ਨੀਤੀ ਲਿਆਂਦੀ ਗਈ ਹੈ, ਇਸ ਲਈ ਕੰਪਨੀ ਸੂਬੇ ਵਿੱਚ ਇਲੈਕਟ੍ਰਿਕ ਵਾਹਨ ਨਿਰਮਾਣ ਤਹਿਤ ਛੋਟੀ ਬੱਸ ਬਣਾਉਣ ਦੀ ਇੱਛਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਉਹ ਸਰਕਾਰ ਨਾਲ ਭਾਈਵਾਲੀ ਕਰਕੇ ਸੂਬੇ ਵਿੱਚ ਡਰਾਈਵਰ ਟ੍ਰੇਨਿੰਗ ਇੰਸਟੀਚਿਊਟ ਵੀ ਖੋਲ੍ਹਣ ਲਈ ਤਿਆਰ ਹੈ।
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਵਫ਼ਦ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ ਪੰਜਾਬ ਇਲੈਕਟ੍ਰਿਕ ਵਾਹਨ ਨੀਤੀ (ਪੀ.ਈ.ਵੀ.ਪੀ.)-2022 ਵਾਹਨਾਂ ਦੇ ਪ੍ਰਦੂਸ਼ਣ ਕਾਰਨ ਸੂਬੇ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਬਣਾਈ ਗਈ ਹੈ। ਇਸ ਨੀਤੀ ਤਹਿਤ ਵਾਹਨਾਂ ਦੇ ਪ੍ਰਦੂਸ਼ਣ ਨਿਕਾਸ ਨੂੰ ਘਟਾਉਣ, ਬੁਨਿਆਦੀ ਢਾਂਚੇ ਦਾ ਨਿਰਮਾਣ, ਖੋਜ ਅਤੇ ਵਿਕਾਸ, ਰੋਜ਼ਗਾਰ ਦੇ ਮੌਕੇ, ਸਥਿਰਤਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਪੰਜਾਬ ਨੂੰ ਇਲੈਕਟ੍ਰਿਕ ਵਾਹਨਾਂ, ਪੁਰਜ਼ਿਆਂ ਅਤੇ ਬੈਟਰੀਆਂ ਦੇ ਨਿਰਮਾਣ ਲਈ ਇਕ ਪਸੰਦੀਦਾ ਸਥਾਨ ਵਜੋਂ ਸਥਾਪਤ ਕੀਤਾ ਜਾ ਸਕੇਗਾ।
ਹਿੰਦੂਜਾ ਗਰੁੱਪ ਦੇ ਵਫ਼ਦ ਨੇ ਪੰਜਾਬ ਦੀ ਵਿਆਪਕ ਇਲੈਕਟ੍ਰਿਕ ਵਾਹਨ ਨੀਤੀ ਦੀ ਸ਼ੁਰੂਆਤ ਕਰਨ ਲਈ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ। ਮੁੱਖ ਮੰਤਰੀ ਨੂੰ ਸੂਬੇ ਦੀ ਬਿਹਤਰੀ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਨ ਲਈ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਉੱਦਮੀ, ਮਿਹਨਤੀ ਅਤੇ ਸਮਰਪਿਤ ਲੋਕਾਂ ਦੀ ਧਰਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਾਰਥਕ ਤੇ ਅਨੁਕੂਲ ਨੀਤੀਆਂ ਨਾਲ ਉੱਚ ਪੱਧਰੇ ਬੁਨਿਆਦੀ ਢਾਂਚੇ ਕਾਰਨ ਹੀ ਪੰਜਾਬ ਬਦਲਾਅ ਦੀ ਦਹਿਲੀਜ਼ ‘ਤੇ ਖੜਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਮਨਜ਼ੂਰੀ ਦੇਣ ਹਿੱਤ ਉਪਲਬਧ ਕਰਵਾਏ ਜਾ ਰਹੇ ਸਿੰਗਲ ਵਿੰਡੋ ਸਿਸਟਮ ਦੀ ਸ਼ਲਾਘਾ ਵੀ ਕੀਤੀ।
ਇਸ ਨੂੰ ਪੜ੍ਹੋ:
ਜਾਪਾਨ ਨਾਲ ਕਾਰੋਬਾਰੀ ਰਿਸ਼ਤੇ ਹੋਰ ਮਜ਼ਬੂਤ ਕਰਨ ਵੱਲ ਵਧ ਰਿਹਾ ਪੰਜਾਬ: ਅਮਨ ਅਰੋੜਾ
ਕਾਰੋਬਾਰੀਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਪ੍ਰਤੀ ਭਰਿਆ ਹਾਂ-ਪੱਖੀ ਹੁੰਗਾਰਾ