ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾ ਕਾਰਜਾਂ ਵਾਲੇ ਉਪਰਾਲੇ ਪ੍ਰਸੰਸਾਯੋਗ : ਸੰਧਵਾਂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾ ਕਾਰਜਾਂ ਵਾਲੇ ਉਪਰਾਲੇ ਪ੍ਰਸੰਸਾਯੋਗ : ਸੰਧਵਾਂ
ਕੋਟਕਪੂਰਾ, 21 ਸਤੰਬਰ
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਲੱਬ ਦੇ ਚੀਫ ਪੈਟਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਅੱਜ ਕਲੱਬ ਦੇ ਚੇਅਰਮੈਨ ਪੱਪੂ ਲਹੋਰੀਆ ਅਤੇ ਹੋਰਨਾ ਨੇ ਆਪੋ ਆਪਣੇ ਘਰਾਂ ’ਚ ਪਏ ਨਵੇਂ ਪੁਰਾਣੇ ਕੱਪੜਿਆਂ ਸਮੇਤ ਹੋਰ ਅਜਿਹੀਆਂ ਵਸਤੂਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਵਿਖੇ ਪਹੁੰਚਾਈਆਂ, ਜੋ ਲੋੜਵੰਦ ਪਰਿਵਾਰਾਂ ਲਈ ਵਰਤਣਯੋਗ ਸਨ।
ਜਥੇਬੰਦੀ ਦੇ ਪ੍ਰਚਾਰਕ ਡਾ ਅਵੀਨਿੰਦਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਹਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨਾ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਸਾਢੇ 29 ਹਜਾਰ ਤੋਂ ਵੀ ਜਿਆਦਾ ਪਰਿਵਾਰਾਂ ਵਲੋਂ ਇੱਥੋਂ ਵੱਖ-ਵੱਖ ਕਿਸਮ ਦੀ ਮੱਦਦ ਲਈ ਜਾ ਚੁੱਕੀ ਹੈ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਥੇਬੰਦੀ ਦੇ ਸੇਵਾ ਕਾਰਜਾਂ ਤੋਂ ਇਲਾਵਾ ਗੁੱਡ ਮੌਰਨਿੰਗ ਕਲੱਬ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਸੰਖੇਪ ਵਿੱਚ ਜਿਕਰ ਕੀਤਾ।
ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਿਸ ਤਰਾਂ ਬੱਚਿਆਂ ਤੇ ਨੌਜਵਾਨਾ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਮੁੱਖ ਧਾਰਾ ਨਾਲ ਜੋੜੀ ਰੱਖਣ ਲਈ ਜਥੇਬੰਦੀ ਵਲੋਂ ਸਮੇਂ ਸਮੇਂ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਹੈ, ਯੂਥ ਫੈਸਟੀਵਲ ਅਤੇ ਸ਼ਖਸ਼ੀਅਤ ਉਸਾਰੀ ਕੈਂਪਾਂ ਰਾਹੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੱਚਿਆਂ ਤੇ ਨੌਜਵਾਨਾ ਨੂੰ ਜਿੰਦਗੀ ਵਿੱਚ ਕਾਮਯਾਬ ਹੋਣ ਦੇ ਗੁਣਾ ਤੋਂ ਜਾਣੂ ਕਰਵਾਇਆ ਜਾਂਦਾ ਹੈ, ਉਸਦੀ ਫੁੱਲ ਪ੍ਰਸੰਸਾ ਕਰਨੀ ਬਣਦੀ ਹੈ।
ਉਹਨਾਂ ਜਥੇਬੰਦੀ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਤੋਂ ਫਾਇਦਾ ਲੈਣ ਵਾਲੇ ਜਰੂਰਤਮੰਦ ਪਰਿਵਾਰਾਂ ਦੀ ਪੜਤਾਲ ਕਰਨ ਵਾਲੇ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਕੋਈ ਕਮੀ ਨਹੀਂ, ਜੋ ਮਨੁੱਖਤਾ ਦਾ ਦਰਦ ਸਮਝਦੀਆਂ ਹਨ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਨਵਨੀਤ ਸਿੰਘ, ਜਗਮੋਹਨ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ਆਦਿ ਸਮੇਤ ਹੋਰ ਵੀ ਅਨੇਕਾਂ ਸ਼ਖਸ਼ੀਅਤਾਂ ਹਾਜਰ ਸਨ।