ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਵੋਟਰ ਪੰਜੀਕਰਣ ਮੁਹਿੰਮ ਦਾ ਅਗਾਜ਼
ਜ਼ਿਲ੍ਹੇ ਵਿੱਚ ਨਵੀਆਂ ਵੋਟਾਂ ਬਨਾਉਣ ਲਈ ਵਿਸ਼ੇਸ਼ ਪ੍ਰਬੰਧ - ਆਸ਼ਿਕਾ ਜੈਨ
ਬੂਥ ਪੱਧਰ ਉਪਰ 9,10, 23 ਅਤੇ 24 ਨਵੰਬਰ ਨੂੰ ਹੋਣਗੇ ਵਿਸ਼ੇਸ਼ ਕੈਂਪ
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਵੋਟਰ ਪੰਜੀਕਰਣ ਮੁਹਿੰਮ ਦਾ ਅਗਾਜ਼
ਸ਼ਹਿਬਜਾਦਾ ਅਜੀਤ ਸਿੰਘ ਨਗਰ, 04 ਨਵੰਬਰ, 2024:
ਜ਼ਿਲ੍ਹੇ ਵਿੱਚ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹਾ ਚੋਣ ਦਫਤਰ ਅਤੇ ਸਵੀਪ ਟੀਮ ਵੱਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨਵੰਬਰ ਮਹੀਨੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫਸਰ -ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ 9,10 ਨਵੰਬਰ ਅਤੇ ਉਸ ਤੋਂ ਬਾਅਦ 23 ਅਤੇ 24 ਨਵੰਬਰ ਨੂੰ ਬੂਥ ਪੱਧਰ ਉਪਰ ਵੋਟਰ ਪੰਜੀਕਰਣ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਯੋਗ ਵੋਟਰ ਜਿੰਨਾਂ ਦੀ ਉਮਰ 01/01/2024 ਤੱਕ 18 ਸਾਲ ਦੀ ਹੋ ਰਹੀ ਹੈ, ਆਪਣੇ ਆਪ ਨੂੰ ਵੋਟਰ ਵੱਜੋਂ ਰਜਿਸਟਰ ਕਰਵਾ ਸਕਦੇ ਹਨ, ਜੇ ਕਿਸੇ ਨੇ ਵੋਟ ਸ਼ਿਫਟ ਜਾਂ ਸੋਧ ਕਰਵਾਉਣੀ ਹੈ, ਉਹ ਵੀ ਇਹਨਾਂ ਕੈਂਪਾਂ ਦਾ ਫਾਇਦਾ ਲੈ ਸਕਦੇ ਹਨ।
ਅੱਜ ਇਸ ਮੁਹਿੰਮ ਤਹਿਤ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਵੀਨ ਕੌਰ ਵੱਲੋਂ ਵਿਦਿਆਰਥੀਆਂ ਨੂੰ ਫਾਰਮ ਨੰਬਰ 6 ਤਕਸੀਮ ਕੀਤੇ ਗਏ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਵੋਟਰ ਹੈਲਪਲਾਈਨ ਐਪ ਰਾਹੀਂ 122 ਯੋਗ ਵੋਟਰਾਂ ਨੂੰ ਰਜਿਸਟਰਡ ਕੀਤਾ ਗਿਆ। ਇਸ ਮੌਕੇ ਮੈਡਮ ਪ੍ਰਵੀਨ ਨੇ ਕਾਲਜ ਦੇ ਸਮੂਹ ਯੋਗ ਵੋਟਰਾਂ ਨੂੰ ਵੋਟ ਬਨਵਾਉਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਪਿਛਲੇ ਵਰ੍ਹੇ ਵੀ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਨੇ ਵਧੀਕ ਡਾਇਰੈਕਟਰ, ਤਕਨੀਕੀ ਸਿੱਖਿਆ-ਕਮ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿਚ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨੌਜਵਾਨ ਵੋਟਰਾਂ ਦਾ ਪੰਜੀਕਰਣ ਕੀਤਾ ਗਿਆ ਸੀ। ਕਾਲਜ ਦੇ ਨੋਡਲ ਅਫਸਰ ਸਵੀਪ ਰਵਿੰਦਰ ਜੈਸਵਾਲ ਅਤੇ ਪ੍ਰੋਗਰਾਮ ਅਫਸਰ ਰਾਸ਼ਟਰੀ ਸੇਵਾ ਯੋਜਨਾ ਬਰਿੰਦਰਪ੍ਰਤਾਪ ਸਿੰਘ ਵੱਲੋਂ ਅੱਜ ਦੇ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਬੀ ਐਲ ਓ ਮਨਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵੋਟਰ ਵੱਜੋਂ ਰਜਿਸਟਰ ਕੀਤਾ ਗਿਆ।