ਤਿੰਨ ਦਿਨਾਂ ਕੋਰਸ ਦੌਰਾਨ ਕਿਸਾਨਾਂ ਨੂੰ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਦਿੱਤੀ ਸਿਖ਼ਲਾਈ
ਤਿੰਨ ਦਿਨਾਂ ਕੋਰਸ ਦੌਰਾਨ ਕਿਸਾਨਾਂ ਨੂੰ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਦਿੱਤੀ ਸਿਖ਼ਲਾਈ
• ਰਸਾਇਣਿਕ ਜ਼ਹਿਰ ਰਹਿਤ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਿਸਾਨਾਂ ਲਈ ਲਾਹੇਵੰਦ : ਡਾ. ਕਲਸੀ
ਜਲੰਧਰ, 22 ਮਾਰਚ: ਬਾਗਬਾਨੀ ਵਿਭਾਗ ਵੱਲੋਂ ਸਥਾਪਤ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲਜ਼ ਕਰਤਾਰਪੁਰ ਵਿਖੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸਬੰਧੀ ਤਿੰਨ ਰੋਜ਼ਾ ਕਿਸਾਨ ਸਿਖ਼ਲਾਈ ਕੋਰਸ ਅੱਜ ਸਮਾਪਤ ਹੋ ਗਿਆ।
ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਕੋਰਸ ਦੇ ਤੀਜੇ ਅਤੇ ਆਖਰੀ ਦਿਨ ਡਾ. ਨਰਿੰਦਰ ਪਾਲ ਕਲਸੀ, ਉਪ ਡਾਇਰੈਕਟਰ ਬਾਗਬਾਨੀ, ਜਲੰਧਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਵਿੱਚ ਡਾ. ਕਲਸੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੁਦਰਤੀ ਸਰੋਤਾਂ ਨੂੰ ਬਚਾਉਂਦੇ ਹੋਏ ਘੱਟ ਰਸਾਇਣਿਕ ਜ਼ਹਿਰਾਂ ਦੀ ਵਰਤੋਂ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਰਸਾਇਣਿਕ ਜ਼ਹਿਰ ਰਹਿਤ ਸਬਜ਼ੀਆਂ ਦੀ ਖੇਤੀ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀ ਹੈ, ਖਾਸ ਕਰ ਛੋਟੇ ਤੇ ਸੀਮਾਂਤ ਕਿਸਾਨ, ਜੋ ਹੱਥੀਂ ਖੇਤੀ ਕਰਦੇ ਹਨ, ਜੇਕਰ ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਤਕਨੀਕਾਂ ਆਪਣੇ ਖੇਤਾਂ ਵਿੱਚ ਅਪਨਾਉਣ ਤਾਂ ਉਹ ਆਪਣੀ ਆਮਦਨ ਵਿੱਚ ਚੌਖਾ ਵਾਧਾ ਕਰ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਸੈਂਟਰ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਗਬਾਨੀ ਫ਼ਸਲਾਂ ਦੀ ਖੇਤੀ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਵਾਤਾਵਰਣ ਨੂੰ ਜ਼ਹਿਰ ਮੁਕਤ ਕਰਨ ਲਈ ਸਾਂਝੇ ਤੌਰ ’ਤੇ ਉਪਰਾਲੇ ਕਰਨ ਲਈ ਕਿਹਾ।
ਡਾ. ਦਲਜੀਤ ਸਿੰਘ ਗਿੱਲ, ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਕੰਟਰੋਲਿੰਗ ਅਫ਼ਸਰ, ਸੀ.ਓ.ਈ., ਜਲੰਧਰ ਅਤੇ ਹੁਸ਼ਿਆਰਪੁਰ ਨੇ ਦੱਸਿਆ ਕਿ ਸੈਂਟਰ ਵਿਖੇ ਪੂਰੇ ਪੰਜਾਬ ਦੇ ਚਾਹਵਾਨ ਕਿਸਾਨਾਂ ਨੂੰ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸੰਬੰਧੀ ਸਿਖ਼ਲਾਈ ਦਿੱਤੀ ਜਾਂਦੀ ਹੈ।ਇਸ ਸਿਖ਼ਲਾਈ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚੋਂ 40 ਕਿਸਾਨਾਂ ਨੇ ਭਾਗ ਲਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਅਪਣਾ ਕੇ ਇੱਕ ਕਨਾਲ ਵਿੱਚੋਂ ਇੱਕ ਏਕੜ ਦੇ ਬਰਾਬਰ ਆਮਦਨ ਲੈ ਸਕਦੇ ਹਨ।
ਡਾ. ਤੇਜਬੀਰ ਸਿੰਘ, ਬਾਗਬਾਨੀ ਵਿਕਾਸ ਅਫ਼ਸਰ-ਕਮ-ਪ੍ਰਾਜੈਕਟ ਅਫ਼ਸਰ, ਸੀ.ਈ.ਵੀ., ਕਰਤਾਰਪੁਰ ਨੇ ਦੱਸਿਆ ਕਿ ਸੈਂਟਰ ਤੋਂ ਹੁਣ ਤੱਕ 230.00 ਲੱਖ ਤੋਂ ਵੱਧ ਰੋਗ ਰਹਿਤ ਪਨੀਰੀਆਂ ਪੰਜਾਬ ਦੇ ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ। ਡਾ. ਤ੍ਰਿਪਤ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ, ਸੀ.ਈ.ਵੀ. ਕਰਤਾਰਪੁਰ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਕਿਸਾਨਾਂ ਨੂੰ ਇੱਕ ਕਨਾਲ ਜਾਂ ਦੋ ਕਨਾਲ ਦੇ ਯੂਨਿਟ ਤੋਂ ਹੀ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਿਖ਼ਲਾਈ ਦੌਰਾਨ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸੰਬੰਧੀ ਪ੍ਰੈਕਟੀਕਲ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਤਾਂ ਜੋ ਉਹ ਚੰਗੀ ਤਰ੍ਹਾਂ ਸਮਝ ਸਕਣ।
ਇਸ ਟ੍ਰੇਨਿੰਗ ਵਿੱਚ ਬਾਗਬਾਨੀ ਵਿਭਾਗ ਦੇ ਅਫ਼ਸਰ ਵਿਕਰਮ ਵਰਮਾ, ਡਾ. ਨਿਖਿਲ ਅੰਬਿਸ਼ ਮਹਿਤਾ, ਮੈਡਮ ਸ਼ੈਲੀ ਨੇ ਸਬਜ਼ੀਆਂ ਦੀ ਪੈਦਾਵਾਰ, ਕੀੜੇ-ਮਕੌੜਿਆਂ ਦੀ ਸਰਵਪੱਖੀ ਰੋਕਥਾਮ, ਰੋਗ ਰਹਿਤ ਪਨੀਰੀਆਂ ਤਿਆਰ ਕਰਨਾ, ਡਿੱਪ ਇਰੀਗੇਸ਼ਨ, ਪੋਸਟ ਹਾਰਵੈਸਟ ਮੈਨੇਜਮੈਂਟ ਆਦਿ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ।ਟ੍ਰੇਨਿੰਗ ਦੀ ਸਮਾਪਤੀ ਦੌਰਾਨ ਆਏ ਹੋਏ ਕਿਸਾਨਾਂ ਨੂੰ ਸਰਟੀਫਿਕੇਟ ਵੰਡੇ ਗਏ।