MSP Payments
ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ
ਪੰਜਾਬ ਸਰਕਾਰ ਕਦੇ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਦਰ ਉੱਤੇ ਭੁਗਤਾਨ ਦੀ ਇਜਾਜ਼ਤ ਨਹੀਂ ਦੇਵੇਗੀ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ, 17 ਅਪ੍ਰੈਲ: MSP Payments: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੌਜੂਦਾ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰ.ਐਮ.ਐਸ.) ਦੌਰਾਨ ਸੂਬੇ ਭਰ ਦੀਆਂ ਮੰਡੀਆਂ ਵਿੱਚ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਖਰੀਦ ਦੀ ਪੁਸ਼ਟੀ ਹੋਣ ਦੇ 24 ਘੰਟਿਆਂ ਦਰਮਿਆਨ ਹੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ। ਪਿਛਲਾ ਰਿਕਾਰਡ ਤੋੜਦਿਆਂ ਸਰਕਾਰ ਨੇ ਖਰੀਦ ਦੇ ਨਿਰਧਾਰਤ 48 ਘੰਟਿਆਂ ਦੇ ਅੰਦਰ ਭੁਗਤਾਨ ਜਾਰੀ ਕਰਨ ਦੇ ਟੀਚੇ ਤੋਂ ਵੀ ਪਹਿਲਾਂ ਅਦਾਇਗੀਆਂ ਜਾਰੀ ਕੀਤੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ 1,05,574 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਉੱਤੇ 3014 ਕਰੋੜ ਰੁਪਏ ਤੋਂ ਵੱਧ ਦੀਆਂ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ। ਇਹ 48 ਘੰਟੇ ਪਹਿਲਾਂ ਤੱਕ ਕੀਤੀ ਗਈ ਖਰੀਦ ਦੇ ਬਕਾਇਆ 2700 ਕਰੋੜ ਰੁਪਏ ਦੀ ਰਾਸ਼ੀ ਤੋਂ ਕਿਤੇ ਜ਼ਿਆਦਾ ਹਨ। ਉਨਾਂ ਨੇ ਕਿਹਾ ਕਿ ਇਹ ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਕਿਸਾਨਾਂ ਨੂੰ ਖਰੀਦ ਤੋਂ ਮਹਿਜ਼ 24 ਘੰਟੇ ਦੇ ਅੰਦਰ- ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ।
ਮੁੱਲ ਵਿੱਚ ਕਟੌਤੀ ਕਰਨ ਸਬੰਧੀ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਟੌਤੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਘੱਟ ਦਰ ਉੱਤੇ ਭੁਗਤਾਨ ਨਹੀਂ ਹੋਣ ਦੇਵੇਗੀ।
ਇਸ ਦੌਰਾਨ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਅੱਜ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਉਨਾਂ ਮਾਰਕਫੈੱਡ, ਪਨਗ੍ਰੇਨ, ਪਨਸਪ ਅਤੇ ਪੀਐਸਡਬਲਯੂਸੀ ਦੇ ਮੈਨੇਜਿੰਗ ਡਾਇਰੈਕਟਰਜ਼ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਵੱਖ-ਵੱਖ ਮੰਡੀਆਂ ਦਾ ਦੌਰਾ ਕਰਨ ਅਤੇ ਜਮੀਨੀ ਪੱਧਰ ‘ਤੇ ਖਰੀਦ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇ।
ਇਸ ਨੂੰ ਪੜ੍ਹੋ:
ਭਾਰਤ ਦੀ G20 ਪ੍ਰਧਾਨਗੀ ਦੌਰਾਨ 100ਵੀਂ G20 ਮੀਟਿੰਗ
ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਪੰਜਾਬ 'ਆਪ' ਆਗੂਆਂ ਦਾ ਜ਼ਬਰਦਸਤ ਪ੍ਰਦਰਸ਼ਨ, ਸਿੰਘੁ-ਬਾਰਡਰ ਉੱਤੇ ਦਿੱਤਾ ਧਰਨਾ
ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ