ਨਸ਼ਾ ਤਸਕਰ ਹੁਣ ਜਾਂ ਤਾਂ ਜੇਲ੍ਹਾਂ ਵਿੱਚ, ਜਾਂ ਥਾਣਿਆਂ ਵਿੱਚ ਜਾਣਗੇ ਜਾਂ ਫਿਰ ਪੰਜਾਬ ਛੱਡ ਕੇ ਭੱਜਣਾ ਪਵੇਗਾ - ਸਿਹਤ ਮੰ
"ਯੁੱਧ ਨਸ਼ਿਆਂ ਵਿਰੁੱਧ"
ਨਸ਼ਾ ਤਸਕਰ ਹੁਣ ਜਾਂ ਤਾਂ ਜੇਲ੍ਹਾਂ ਵਿੱਚ, ਜਾਂ ਥਾਣਿਆਂ ਵਿੱਚ ਜਾਣਗੇ ਜਾਂ ਫਿਰ ਪੰਜਾਬ ਛੱਡ ਕੇ ਭੱਜਣਾ ਪਵੇਗਾ - ਸਿਹਤ ਮੰਤਰੀ ਬਲਬੀਰ ਸਿੰਘ
- ਕਿਹਾ! ਚਿੱਟੇ ਦੀ ਸਮੱਸਿਆ ਨੂੰ ਸਭ ਤੋਂ ਪਹਿਲਾਂ ਖਤਮ ਕੀਤਾ ਜਾਵੇਗਾ
- ਜਲਦੀ ਹੀ ਸੂਬੇ ਭਰ ਵਿਚ ਸ਼ੁਰੂ ਹੋਣਗੇ ਮੋਬਾਈਲ ਮੁਹੱਲਾ ਕਲੀਨਿਕ
- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਹੋਵੇਗੀ ਫੈਸਲਾਕੁੰਨ ਭੂਮਿਕਾ
- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸਰਕਾਰੀ ਮੁੜ ਵਸੇਬਾ ਕੇਂਦਰ ਵਿਖੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ ਜਾਣਿਆ
ਚੰਡੀਗੜ੍ਹ/ ਮੋਗਾ, 6 ਮਾਰਚ (000) - " ਨਸ਼ਾ ਵਪਾਰੀ, ਨਸ਼ਾ ਤਸਕਰ ਹੁਣ ਜਾਂ ਤਾਂ ਜੇਲ੍ਹਾਂ ਵਿੱਚ, ਜਾਂ ਥਾਣਿਆਂ ਵਿੱਚ ਜਾਂ ਫਿਰ ਪੰਜਾਬ ਤੋਂ ਬਾਹਰ ਹੋਣਗੇ, ਇਹ ਕੰਮ ਹੁਣ ਸ਼ੁਰੂ ਹੋ ਗਿਆ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਪਿੰਡ ਜਨੇਰ ਸਥਿਤ ਸਰਕਾਰੀ ਮੁੜ ਵਸੇਬਾ ਕੇਂਦਰ ਵਿਖੇ ਸਮੂਹ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਸਰਕਾਰੀ/ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਤਹੱਈਆ ਕਰ ਲਿਆ ਗਿਆ ਹੈ, ਇਸ ਵਿੱਚ ਨਸ਼ਾ ਕਰਨ ਵਾਲੇ ਵਿਅਕਤੀ ਜਿਹੜੇ ਕਿਸੇ ਵੀ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ ਉਹਨਾਂ ਦਾ ਇਲਾਜ਼ ਕਰਵਾ ਕੇ ਉਹਨਾਂ ਨੂੰ ਸਿਹਤਮੰਦ ਸਮਾਜ ਦਾ ਹਿੱਸਾ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਫੈਸਲਾਕੁੰਨ ਭੂਮਿਕਾ ਹੋਵੇਗੀ ਅਤੇ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੀ ਜਵਾਨੀ ਨੂੰ ਬਚਾਉਣਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਗਲਤ ਰਾਹ ਤੇ ਲੈ ਜਾਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗੀ।
ਉਹਨਾਂ ਕਿਹਾ ਕਿ ਜਿਹੜੇ ਵੀ ਵਿਅਕਤੀ ਨਸ਼ੇ ਕਰਦੇ ਹਨ ਉਹਨਾਂ ਨਾਲ ਸਰਕਾਰ ਹਮਦਰਦੀ ਵਾਲਾ ਵਤੀਰਾ ਰੱਖ ਰਹੀ ਹੈ। ਹਮਦਰਦੀ ਰੱਖ ਕੇ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਿਹੜੇ ਟੀਕਾ ਲਗਾਉਂਦੇ ਹਨ ਉਹਨਾਂ ਨੂੰ ਗੋਲੀਆਂ ਉਪਰ ਪਾਵਾਂਗੇ ਤਾਂ ਕਿ ਓਵਰਡੋਜ ਨਾਲ ਹੁੰਦੀਆਂ ਮੌਤਾਂ ਬੰਦ ਹੋ ਜਾਣ, ਦੂਸਰੇ ਨੰਬਰ ਉਪਰ ਉਹਨਾਂ ਦੀਆਂ ਗੋਲੀਆਂ ਵੀ ਛੁਡਾਵਾਂਗੇ ਅਤੇ ਉਹਨਾਂ ਨੂੰ ਖੇਡਾਂ ਨਾਲ ਜੋੜਾਂਗੇ ਉਹਨਾਂ ਨੂੰ ਨੌਕਰੀ ਕਰਨ ਦੇ ਮੌਕੇ ਵੀ ਪ੍ਰਦਾਨ ਕਰਾਂਗੇ।
ਉਹਨਾਂ ਕਿਹਾ ਕਿ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 763 ਉਮੀਦਵਾਰਾਂ ਨੂੰ ਪੱਕੀ ਨੌਕਰੀ ਮੁਹੱਈਆ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਨਸ਼ਾ ਮੁਕਤ ਹੋਣ ਵਾਲਿਆਂ ਨੂੰ ਕਿੱਤਾਮੁੱਖੀ ਸਿਖਲਾਈ ਦੇ ਕੇ ਵੱਖ ਵੱਖ ਕਿੱਤਿਆਂ ਉਪਰ ਲਗਾਵਾਂਗੇ ਉਹਨਾਂ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਕਰਾਂਗੇ। ਇਸ ਤੋਂ ਇਲਾਵਾ ਜਿੰਨੇ ਵੀ ਨਸ਼ਾ ਛੁਡਾਊ ਕੇਂਦਰ ਹਨ, ਉਹਨਾਂ ਨਾਲ ਇੱਕ ਨਾਰਕੋਟਿਕ ਸੁਪੋਰਟ ਗਰੁੱਪ ਵੀ ਬਣਾਵਾਂਗੇ। ਉਹਨਾਂ ਕਿਹਾ ਕਿ ਇਸ ਕੰਮ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਨੇ, ਐਨ.ਆਰ.ਆਈ. ਨੇ, ਐਨ.ਜੀ.ਓਜ ਨੇ, ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਚਿੱਟੇ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਪੰਜਾਬ ਸਰਕਾਰ ਦੀ ਇਸ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਸਰਕਾਰ ਨੂੰ ਆਸੀਸਾਂ ਦੇ ਰਹੇ ਹਨ ਕਿ ਉਹਨਾਂ ਦੇ ਪੁੱਤਰਾਂ, ਭਰਾਵਾਂ ਆਦਿ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਮਸਲੇ ਨੂੰ ਸੂਬਾ ਵਾਸੀਆਂ ਨੂੰ ਇੱਕਜੁੱਟ ਹੇ ਕੋ ਹੱਲ ਕਰਨਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਵਿੱਚ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਸਿਖਲਾਈ ਉਪਰੰਤ ਉਨ੍ਹਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਹੇਠ ਕਰਜ਼ੇ ਦਿਵਾ ਕੇ ਸਵੈ ਰੋਜ਼ਗਾਰ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਸੂਬੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਘਰ ਦਾ ਕੋਈ ਇੱਕ ਮੈਂਬਰ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਛੁਡਾਉ ਕੇਂਦਰ ਵਿਖੇ ਲਿਆਂਦਾ ਜਾਵੇ ਅਤੇ ਸਰਕਾਰ ਵਾਅਦਾ ਕਰਦੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਜਿੰਦਗੀ ਬਚਾ ਕੇ ਉਨ੍ਹਾਂ ਨੂੰ ਮੁੜ ਤੋਂ ਸਿਹਤਮੰਦ ਜੀਵਨ ਜਿਊਣ ਦਾ ਮੌਕਾ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਤੋਂ ਉਲਟ ਹੁਣ ਨਸ਼ਿਆਂ ਵਿੱਚ ਕਿਸੇ ਵੀ ਰਾਜਨੀਤਿਕ ਵਿਅਕਤੀ ਦਾ ਕੋਈ ਹੱਥ ਨਹੀਂ ਹੈ ਅਤੇ ਪੁਲਿਸ ਵੀ ਰਾਜਨੀਤਿਕ ਦਬਾਅ ਤੋਂ ਬਿਨਾਂ ਲੜ ਰਹੀ ਹੈ। ਨਸ਼ਾ ਤਸਕਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਹੈ ਜੇਕਰ ਉਸਨੇ ਇਸ ਧੰਦੇ ਨਾਲ ਕੋਈ ਪ੍ਰਾਪਰਟੀ ਬਣਾਈ ਵੀ ਹੈ ਤਾਂ ਉਸਨੂੰ ਸਰਕਾਰ ਵੱਲੋਂ ਸਰਕਾਰੀ ਕਾਨੂੰਨ ਮੁਤਾਬਿਕ ਢਾਹ ਦਿੱਤਾ ਜਾਵੇਗਾ।
ਸਿਹਤ ਕ੍ਰਾਂਤੀ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬਹੁਤ ਜਲਦ ਸੂਬੇ ਭਰ ਵਿੱਚ ਮੋਬਾਈਲ ਮੁਹੱਲਾ ਕਲੀਨਿਕ ਵੈਨਾਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਵਿੱਚ 40 ਤੋਂ ਵੱਧ ਸਿਹਤ ਟੈਸਟ, 125 ਦੇ ਕਰੀਬ ਦਵਾਈਆਂ ਮਿਲਦੀਆਂ ਹਨ। ਇਹ 71 ਵੈਨਾਂ ਚੱਲਦੀਆਂ ਪਈਆਂ ਹਨ। ਆਉਣ ਵਾਲੇ ਦੋ ਚਾਰ ਮਹੀਨਿਆਂ ਵਿੱਚ ਪੰਜਾਬ ਸਰਕਾਰ ਵੱਲੋਂ 200 ਹੋਰ ਸਿਹਤ ਕੇਂਦਰ ਖੋਲ੍ਹੇ ਜਾ ਰਹੇ ਹਨ। ਇਹ ਮੁਹੱਲਾ ਕਲੀਨਿਕ ਵੈਨਾਂ ਪਿੰਡ ਪਿੰਡ ਜਾ ਕੇ ਦਵਾਈਆਂ ਦੇਣਗੀਆਂ। ਹਰ ਰੋਜ ਦੋ ਪਿੰਡ ਵੈਨ ਜਰੀਏ ਕਵਰ ਕੀਤੇ ਜਾਣਗੇ ਇੱਕ ਵੈਨ ਨਿਰਧਾਰਿਤ ਦਿਨ ਅਤੇ ਸਮੇਂ ਅਨੁਸਾਰ ਪਿੰਡ ਵਿੱਚ ਜਾਵੇਗੀ ਅਤੇ ਸਾਰੀਆਂ ਦਵਾਈਆਂ ਮੁਫਤ ਵਿੱਚ ਵੰਡੇਗੀ, ਬਲੱਡ ਪ੍ਰੈਸ਼ਰ, ਸ਼ੂਗਰ ਦਾ ਇਲਾਜ ਚੰਗੀ ਤਰ੍ਹਾਂ ਹੋਵੇਗਾ ਤਾਂ ਲੋਕਾਂ ਦੇ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਦਵਾਈਆਂ ਹੁਣ ਹਸਪਤਾਲਾਂ ਵਿੱਚ ਹੀ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ, ਜੇਕਰ ਕਿਸੇ ਸਿਹਤ ਸੰਸਥਾ ਵਿੱਚ ਅਜਿਹਾ ਨਹੀਂ ਹੁੰਦਾ ਤਾਂ ਸਿਵਲ ਸਰਜਨ ਜਾਂ ਐਸ.ਐਮ.ਓ. ਇਸ ਸਬੰਧੀ ਜਵਾਬਦੇਹ ਹੋਣਗੇ। ਕੋਈ ਵੀ ਡਾਕਟਰ ਮਰੀਜ ਨੂੰ ਦਵਾਈ ਲੈਣ ਨਹੀਂ ਭੇਜੇਗਾ। ਪੰਜਾਬ ਵਿੱਚ 6 ਦੇ ਕਰੀਬ ਅਜਿਹੇ ਸੈਂਟਰ ਤਿਆਰ ਕੀਤੇ ਜਾਣਗੇ ਜਿੱਥੇ ਮਰੀਜਾਂ ਦੇ ਗੋਡੇ ਬਦਲੇ ਜਾਣ ਦੀ ਸਹੁਲਤ ਮਹੁੱਈਆ ਕਰਵਾਈ ਜਾਵੇਗੀ। ਲੁਧਿਆਣਾ ਵਿੱਚ ਵੀ ਸੈਂਟਰ ਆਫ ਐਕਸੀਲੈਂਸ ਡਾਈਲਾਇਸਸ ਲਈ ਬਣਾਇਆ ਗਿਆ ਹੈ ਜਿਸ ਵਿੱਚ 25 ਮਸ਼ੀਨਾਂ ਲਗਾਈਆਂ ਗਈਆਂ ਹਨ, ਇੱਕ ਅਜਿਹਾ ਸੈਂਟਰ ਰਜਿੰਦਰਾ ਹਸਪਤਾਲ ਵਿੱਚ ਵੀ ਬਣਾਇਆ ਜਾ ਰਿਹਾ ਹੈ। ਇਹ ਸਾਰਾ ਹੱਬ ਐਂਡ ਸਕੋਪ ਮਾਡਲ ਹੈ।
ਇਸ ਮੌਕੇ ਸਿਹਤ ਮੰਤਰੀ ਨੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਸਖਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਤੁਹਾਡੇ ਕੇਂਦਰ ਨਸ਼ੇ ਛੁਡਵਾਉਣ ਲਈ ਚੱਲ ਰਹੇ ਹਨ ਤੇ ਤੁਹਾਡਾ ਕੰਮ ਸਿਰਫ ਨਸ਼ੀਲੀਆਂ ਗੋਲੀਆਂ ਵੇਚਣਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਕਾਰਜ ਪ੍ਰਣਾਲੀ ਤੇ ਜਿਥੇ ਉਹ ਖੁਦ ਤਿੱਖੀ ਨਜ਼ਰ ਰੱਖਣਗੇ ਉਥੇ ਹੀ ਸਮੇਂ-ਸਮੇਂ ਇਨ੍ਹਾਂ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪ੍ਰਾਈਵੇਟ ਨਸਾ ਛੁਡਵਾਉ ਕੇਂਦਰ ਦੇ ਬਾਹਰ ਨਸ਼ੀਲੀਆਂ ਗੋਲੀਆਂ ਵਿਕਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਸਬੰਧਤ ਕੇਂਦਰ ਦੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪ੍ਰਾਈਵੇਟ ਨਸ਼ਾ ਛੁਡਵਾਊ ਕੇਂਦਰਾਂ ਦੇ ਪ੍ਰਬੰਧਕਾਂ ਤੋਂ ਮਨੋਰੋਗ ਮਾਹਰ ਡਾਕਟਰਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਜੇ ਗਾਂਧੀ, ਨਗਰ ਨਿਗਮ ਮੋਗਾ ਦੇ ਮੇਅਰ ਸ੍ਰ ਬਲਜੀਤ ਸਿੰਘ ਚੰਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਚਾਰੂਮਿਤਾ, ਐਸ.ਡੀ.ਐਮ. ਧਰਮਕੋਟ ਸ਼੍ਰੀ ਹਿਮਾਂਸ਼ੂ ਗੁਪਤਾ, ਜ਼ਿਲ੍ਹਾ ਮਨੋਰੋਗ ਮਾਹਿਰ ਡਾਕਟਰ ਚਰਨਪ੍ਰੀਤ ਸਿੰਘ ਬਰਾੜ, ਮੋਗਾ ਮਾਰਕੀਟ ਕਮੇਟੀ ਚੇਅਰਮੈਨ ਸ੍ਰ ਹਰਜਿੰਦਰ ਸਿੰਘ ਰੋਡੇ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।