State Energy Conservation Awards
• ਮਾਨ ਸਰਕਾਰ ਪੰਜਾਬ ਨੂੰ ਕਾਰਬਨ-ਮੁਕਤ ਸੂਬਾ ਬਣਾਉਣ ਲਈ ਯਤਨਸ਼ੀਲ
• ਬਿਜਲੀ ਉਤਪਾਦਨ ਦੇ ਰਵਾਇਤੀ ਢੰਗਾਂ ਦੀ ਥਾਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣਾ ਸਮੇਂ ਦੀ ਲੋੜ: ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ
ਚੰਡੀਗੜ੍ਹ, 2 ਫ਼ਰਵਰੀ:State Energy Conservation: ਸੂਬੇ ਵਿੱਚ ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਾਸਤੇ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇਥੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀਅਲਿਸਟਜ਼ (ਸੀ.ਆਈ.ਆਈ) ਦੇ ਉੱਤਰੀ ਖੇਤਰ ਦੇ ਹੈੱਡਕੁਆਰਟਰ ਵਿਖੇ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਨੂੰ ਰਾਜ ਊਰਜਾ ਸੰਭਾਲ ਐਵਾਰਡਾਂ ਨਾਲ ਸਨਮਾਨਿਤ ਕੀਤਾ।
ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਕਰਵਾਏ ਗਏ ਰਾਜ ਪੱਧਰੀ ਊਰਜਾ ਸੰਭਾਲ ਦਿਵਸ ਅਤੇ ਐਵਾਰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਕਾਰਬਨ-ਮੁਕਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ, ਇਸ ਲਈ ਊਰਜਾ ਦੀ ਬੱਚਤ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ ਤਾਂ ਜੋ ਵਾਤਾਵਰਣ ਨੂੰ ਬਚਾਉਣ ਲਈ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਜਲੀ ਉਤਪਾਦਨ ਲਈ ਰਵਾਇਤੀ ਈਂਧਣ 'ਤੇ ਨਿਰਭਰਤਾ ਬਹੁਤ ਜ਼ਿਆਦਾ ਹੈ, ਜਿਸ ਨਾਲ ਪ੍ਰਦੂਸ਼ਣ ਹੋਣ ਦੇ ਨਾਲ-ਨਾਲ ਵਾਤਾਵਰਣ ਲਈ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਉਦਯੋਗਾਂ ਦੇ ਵਿਸਥਾਰ ਅਤੇ ਹੋਰ ਬੁਨਿਆਦੀ ਢਾਂਚੇ ਦੀ ਲੋੜ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਦਿਨੋ-ਦਿਨ ਵਧ ਰਹੀ ਹੈ, ਇਸ ਲਈ ਰਵਾਇਤੀ ਊਰਜਾ ਦੇ ਬਦਲ ਵਜੋਂ ਨਵਿਆਉਣਯੋਗ ਊਰਜਾ ਸਰੋਤਾਂ ਜਿਵੇਂ ਸੂਰਜੀ ਊਰਜਾ, ਹਾਈਡਲ ਅਤੇ ਬਾਇਉਮਾਸ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 2150 ਮੈਗਾਵਾਟ ਸਮਰੱਥਾ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਲਗਾਏ ਗਏ ਹਨ, ਜੋ ਕੁੱਲ ਸਥਾਪਿਤ ਸਮਰੱਥਾ ਦਾ ਲਗਭਗ 16 ਫ਼ੀਸਦੀ ਹੈ। ਇਸ ਵਿੱਚੋਂ ਸੂਬੇ ਵਿੱਚ 1200 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਨੇ ਸੂਬੇ ਵਿੱਚ ਲਾਗੂ ਕੰਪੋਜ਼ਿਟ ਕਲਾਈਮੇਟ ਜ਼ੋਨ ਲਈ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਵਿੱਚ ਸੋਧ ਕਰਕੇ ਪੰਜਾਬ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ) ਨੂੰ ਵਿਕਸਤ ਕਰਨ ਅਤੇ ਨੋਟੀਫਾਈ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਇਸ ਨੂੰ ਇਮਾਰਤੀ ਕਾਨੂੰਨਾਂ ਵਿੱਚ ਸ਼ਾਮਲ ਕਰਕੇ ਲਾਗੂ ਕੀਤਾ ਜਾ ਰਿਹਾ ਹੈ। ਨਵੀਆਂ ਬਣਨ ਵਾਲੀਆਂ ਵਪਾਰਕ ਇਮਾਰਤਾਂ ਵਿੱਚ 8 ਫ਼ੀਸਦੀ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਈ.ਸੀ.ਬੀ.ਸੀ. ਦੀ ਵਰਤੋਂ ਨਾਲ 18 ਮਿਲੀਅਨ ਯੂਨਿਟ ਬਿਜਲੀ ਦੀ ਖਪਤ ਘਟੇਗੀ, ਜਿਸ ਨਾਲ 15 ਹਜ਼ਾਰ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵਿੱਚ ਕਮੀ ਆਵੇਗੀ, ਜੋ ਪ੍ਰਤੀ ਸਾਲ 6 ਲੱਖ ਰੁੱਖ ਲਗਾਉਣ ਦੇ ਬਰਾਬਰ ਹੈ।
ਲੋਕਾਂ ਨੂੰ ਊਰਜਾ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਊਰਜਾ ਕੁਸ਼ਲ ਡਿਜ਼ਾਈਨ, ਬਿਲਡਿੰਗ ਸਮੱਗਰੀ ਅਤੇ ਊਰਜਾ ਸੰਭਾਲ ਬਿਲਡਿੰਗ ਕੋਡ ਦੀ ਵਰਤੋਂ ਕਰਦਿਆਂ ਵਪਾਰਕ ਖੇਤਰ ਵਿੱਚ ਊਰਜਾ ਦੀ ਬੱਚਤ ਕਰਨਾ ਇਮਾਰਤਾਂ ਵਿੱਚ ਊਰਜਾ ਬਚਾਉਣ ਦੇ ਮੁੱਖ ਉਪਰਾਲਿਆਂ ਵਿੱਚੋਂ ਇੱਕ ਹੈ। ਉਨ੍ਹਾਂ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਪਹਿਲਕਦਮੀਆਂ ਕਰਨ ਲਈ ਪੇਡਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਪੇਡਾ ਦੇ ਚੇਅਰਮੈਨ ਸ੍ਰੀ ਐੱਚ.ਐੱਸ. ਹੰਸਪਾਲ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਦੀ ਸੰਭਾਲ ਤੇ ਊਰਜਾ ਕੁਸ਼ਲਤਾ ਦੇ ਉਪਾਵਾਂ ਨੂੰ ਅਪਣਾਉਂਦੇ ਹੋਏ ਸਮਝਦਾਰੀ ਨਾਲ ਊਰਜਾ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ।
ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੁਮੀਤ ਕੇ. ਜਾਰੰਗਲ ਨੇ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਊਰਜਾ ਸੰਭਾਲ ਬਾਰੇ ਜਾਗਰੂਕਤਾ ਵੱਖ-ਵੱਖ ਭਾਈਵਾਲ ਵਿਭਾਗਾਂ ਦੇ ਸਲਾਹ-ਮਸ਼ਵਰੇ ਨਾਲ ਵਰਕਸ਼ਾਪਾਂ/ਸੈਮੀਨਾਰਾਂ ਰਾਹੀਂ ਅਤੇ ਟਰਾਂਸਪੋਰਟ, ਇਮਾਰਤਾਂ, ਉਦਯੋਗ ਖੇਤਰਾਂ ਵਿੱਚ ਊਰਜਾ ਸੰਭਾਲ ਨੀਤੀਆਂ ਲਾਗੂ ਕਰਕੇ ਪੈਦਾ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਪੇਡਾ ਨੇ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ 'ਤੇ ਖੋਜ ਅਤੇ ਵਿਕਾਸ ਰਾਹੀਂ ਨਵੇਂ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ 13 ਨਾਮਵਰ ਇੰਜੀਨੀਅਰਿੰਗ ਸੰਸਥਾਵਾਂ/ਯੂਨੀਵਰਸਿਟੀਆਂ ਨਾਲ ਸਮਝੌਤਾ ਸਹੀਬੱਧ ਕੀਤਾ। ਡਾ. ਜਾਰੰਗਲ ਨੇ ਕਿਹਾ ਕਿ ਪੇਡਾ ਉਨ੍ਹਾਂ ਸੰਸਥਾਵਾਂ/ਯੂਨਿਟਾਂ ਨੂੰ "ਸੂਬਾਈ ਮਾਨਤਾ" ਵੀ ਦੇ ਰਿਹਾ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਸਾਲ 2020-21 ਅਤੇ 2021-22 ਦੌਰਾਨ ਊਰਜਾ ਦੀ ਕੁਸ਼ਲ ਵਰਤੋਂ, ਪ੍ਰਬੰਧਨ ਅਤੇ ਸੰਭਾਲ ਲਈ ਵਧੇਰੇ ਯਤਨ ਕੀਤੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਨੇ ਇਮਾਰਤਾਂ ਅਤੇ ਉਦਯੋਗਾਂ ਵਿੱਚ ਊਰਜਾ ਕੁਸ਼ਲ ਸਮੱਗਰੀ ਦੀ ਵਰਤੋਂ ਸਬੰਧੀ ਵੱਖ-ਵੱਖ ਭਾਈਵਾਲ ਵਿਭਾਗਾਂ/ਸੰਸਥਾਵਾਂ ਤੋਂ ਆਏ ਨੁਮਾਇੰਦਿਆਂ ਲਈ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ।
ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਸਾਰੇ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਆਪਣੀਆਂ ਰਿਹਾਇਸ਼ਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਊਰਜਾ ਬਚਾਉਣ ਦੇ ਉਪਾਅ ਅਪਣਾਉਣ ਦੀ ਅਪੀਲ ਕੀਤੀ। ਚੀਫ ਆਰਕੀਟੈਕਟ ਪੰਜਾਬ ਸ੍ਰੀਮਤੀ ਸਪਨਾ ਸਣੇ 200 ਤੋਂ ਵੱਧ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਡੱਬੀ:
ਊਰਜਾ ਸੰਭਾਲ ਪੁਰਸਕਾਰ ਜੇਤੂਆਂ ਦੇ ਵੇਰਵੇ
ਐਨਰਜੀ ਇੰਟੈਂਸਿਵ ਇੰਡਸਟਰੀਜ਼ (ਨਾਮਜ਼ਦ ਖਪਤਕਾਰ) ਸ਼੍ਰੇਣੀ (ਟੈਕਸਟਾਇਲ)
ਪਹਿਲਾ ਇਨਾਮ: ਮੈਸਰਜ਼ ਵਰਧਮਾਨ ਯਾਰਨਜ਼ ਐਂਡ ਥਰੈੱਡਜ਼ ਲਿਮਿਟਡ, ਹੁਸ਼ਿਆਰਪੁਰ
ਦੂਜਾ ਇਨਾਮ: ਮੈਸਰਜ਼ ਅਰਿਹੰਤ ਸਪਿਨਿੰਗ ਮਿੱਲ, ਸੰਗਰੂਰ
ਐਨਰਜੀ ਇੰਟੈਂਸਿਵ ਇੰਡਸਟਰੀਜ਼ (ਨਾਮਜ਼ਦ ਖਪਤਕਾਰ) ਸ਼੍ਰੇਣੀ (ਪਲਪ ਐਂਡ ਪੇਪਰ)
ਪਹਿਲਾ ਇਨਾਮ: ਮੈਸਰਜ਼ ਖੰਨਾ ਪੇਪਰ ਮਿੱਲਜ਼ ਲਿਮਿਟਡ, ਅੰਮ੍ਰਿਤਸਰ
ਦੂਜਾ ਇਨਾਮ: ਮੈਸਰਜ਼ ਕੁਆਂਟਮ ਪੇਪਰਜ਼ ਲਿਮਿਟਡ, ਪਿੰਡ ਤੇ ਡਾਕ ਸੈਲਾ ਖ਼ੁਰਦ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ)
ਨਿਰਮਾਣ ਉਦਯੋਗ ਸ਼੍ਰੇਣੀ (ਦਰਮਿਆਨੇ)
ਪਹਿਲਾ ਇਨਾਮ: ਮੈਸਰਜ਼ ਈਸਟਮੈਨ ਕਾਸਟ ਐਂਡ ਫੌਰਜ ਲਿਮਿਟਡ, ਲੁਧਿਆਣਾ
ਦੂਜਾ ਇਨਾਮ: ਮੈਸਰਜ਼ ਆਟੋ ਇੰਟਰਨੈਸ਼ਨਲ, ਲੁਧਿਆਣਾ
ਨਿਰਮਾਣ ਉਦਯੋਗ ਸ਼੍ਰੇਣੀ (ਵੱਡੇ)
ਪਹਿਲਾ ਇਨਾਮ: ਮੈਸਰਜ਼ ਮਾਧਵ ਗਰੁੱਪ, ਪਟਿਆਲਾ
ਦੂਜਾ ਇਨਾਮ: ਮੈਸਰਜ਼ ਹੀਰੋ ਸਟੀਲਜ਼ ਲਿਮਿਟਡ, ਲੁਧਿਆਣਾ
ਵਪਾਰਕ (ਸਰਕਾਰੀ ਅਤੇ ਨਿੱਜੀ) ਇਮਾਰਤਾਂ ਦੀ ਸ਼੍ਰੇਣੀ (ਦਫ਼ਤਰ)
ਪਹਿਲਾ ਇਨਾਮ: ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਿਟਡ, ਜਲੰਧਰ
ਦੂਜਾ ਇਨਾਮ: ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਿਟਡ ਹੁਸ਼ਿਆਰਪੁਰ
ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਨਿੱਜੀ) ਇਮਾਰਤਾਂ ਦੀ ਸ਼੍ਰੇਣੀ
ਪਹਿਲਾ ਇਨਾਮ: ਮੈਸਰਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਦੂਜਾ ਇਨਾਮ: ਮੈਸਰਜ਼ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਪੰਜਾਬ
ਹਸਪਤਾਲ ਬਿਲਡਿੰਗ ਸ਼੍ਰੇਣੀ
ਪਹਿਲਾ ਇਨਾਮ: ਮੈਸਰਜ਼ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ), ਸੰਗਰੂਰ
ਦੂਜਾ ਇਨਾਮ: ਮੈਸਰਜ਼ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਹੋਮਟ੍ਰੇਲ ਬਿਲਡਟੈਕ ਪ੍ਰਾਈਵੇਟ ਲਿਮਟਿਡ ਦੀ ਇਕ ਯੂਨਿਟ) ਮੋਹਾਲੀ
ਐਨਰਜੀ ਆਡਿਟਿੰਗ ਏਜੰਸੀ ਸ਼੍ਰੇਣੀ (ਬੀ.ਈ.ਈ. ਵੱਲੋਂ ਸਰਟੀਫਾਈਡ ਐਨਰਜੀ ਆਡੀਟਰ)
ਪਹਿਲਾ ਇਨਾਮ: ਮੈਸਰਜ਼ ਪੀ.ਜੀ.ਐਸ. ਐਨਰਜੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ
ਦੂਜਾ ਇਨਾਮ: ਮੈਸਰਜ਼ ਨਾਮਧਾਰੀ ਈਕੋ ਐਨਰਜੀਜ਼ ਪ੍ਰਾ. ਲਿਮਿਟੇਡ, ਸਿਰਸਾ, ਹਰਿਆਣਾ
ਇਸ ਨੂੰ ਪੜ੍ਹੋ:
ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ
ਅਧਿਕਾਰੀ ਤੋਂ 5 ਲੱਖ ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ