ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਖੇਡ ਸਮੱਗਰੀ ਵੰਡ ਅਤੇ ਬਾਰਡਰਮੈਨ ਮੈਰਾਥਨ 2025 ਦਾ ਫਲੈਗ ਆਫ ਸਮਾਰੋਹ ਆਯੋਜਿਤ
ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਖੇਡ ਸਮੱਗਰੀ ਵੰਡ ਅਤੇ ਬਾਰਡਰਮੈਨ ਮੈਰਾਥਨ 2025 ਦਾ ਫਲੈਗ ਆਫ ਸਮਾਰੋਹ ਆਯੋਜਿਤ
ਫਾਜ਼ਿਲਕਾ, 22 ਫਰਵਰੀ 2025:
19 ਬਟਾਲੀਅਨ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਖੇਡ ਸਮੱਗਰੀ ਵੰਡ ਅਤੇ ਬਾਰਡਰਮੈਨ ਮੈਰਾਥਨ 2025 ਦੇ ਭਾਗੀਦਾਰਾਂ ਲਈ ਫਲੈਗ ਆਫ਼( ਝੰਡੀ ਦਿਖਾ) ਸਮਾਗਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਪਿੰਡ ਮੌਜਮ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਸੁਨੀਲ ਸੋਇਬਮ ਕਮਾਂਡੈਂਟ, 19 ਬਟਾਲੀਅਨ ਬੀਐਸਐਫ ਵੱਲੋਂ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਲਗਭਗ 60 ਪਿੰਡਾਂ ਦੇ ਵਾਸੀਆਂ ਨੇ ਹਿੱਸਾ ਲਿਆ ਜੋ ਕਿ ਪਿੰਡ ਮੁਹਾਰਸੋਨਾ, ਮੁਹਾਰ ਜਮਸ਼ੇਰ, ਰੇਤਾਵਾਲੀ ਭੈਣੀ, ਝੰਗੜਭੈਣੀ, ਤੇਜਾ ਰੁਹੇਲਾ, ਗੁਲਾਬਾ ਭੈਣੀ, ਮੌਜਮ, ਫਾਜ਼ਿਲਕਾ ਅਤੇ ਅਬੋਹਰ ਤੋਂ ਆਏ ਸਨ। ਇਨ੍ਹਾਂ ਤੋਂ ਇਲਾਵਾ, ਸਬੰਧਤ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਆਉਣ ਵਾਲੇ ਬਾਰਡਰਮੈਨ ਮੈਰਾਥਨ-2025 ਵਿੱਚ ਹਿੱਸਾ ਲੈਣ ਵਾਲੇ 42 ਪੇਂਡੂ ਭਾਗੀਦਾਰ ਅਤੇ 19ਵੀਂ ਬਟਾਲੀਅਨ ਬੀਐਸਐਫ ਦੇ 24 ਭਾਗੀਦਾਰ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਇਸ ਪ੍ਰੋਗਰਾਮ ਦੌਰਾਨ ਬਾਰਡਰਮੈਨ ਮੈਰਾਥਨ 2025 ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ 42 ਜੋੜੇ ਖੇਡਾਂ ਦੇ ਜੁੱਤੇ ਵੰਡੇ ਗਏ,। ਇਹ ਮੈਰਾਥਨ 23 ਫਰਵਰੀ 2025 ਨੂੰ ਅੰਮ੍ਰਿਤਸਰ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ 42 ਕਿਲੋਮੀਟਰ, 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ 'ਤੇ ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਨੌਜਵਾਨਾਂ ਦੀ ਦੇਸ਼ ਭਗਤੀ ਦੀ ਭਾਵਨਾ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਸਿੱਖਿਆ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਖੇਡਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਨ ਤਾਂ ਜੋ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ।ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਕਿ ਬੀਐਸਐਫ ਉਨ੍ਹਾਂ ਦੀ ਭਲਾਈ ਅਤੇ ਮਦਦ ਲਈ ਹਮੇਸ਼ਾ ਤਿਆਰ ਰਹੇਗੀ।
ਬਾਰਡਰਮੈਨ ਮੈਰਾਥਨ 2025 ਦੇ ਭਾਗੀਦਾਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ, ਕਮਾਂਡੈਂਟ ਸ਼੍ਰੀ ਸੁਨੀਲ ਸੋਇਬਮ ਨੇ ਬਾਰਡਰਮੈਨ ਮੈਰਾਥਨ-2025 ਦੇ ਭਾਗੀਦਾਰਾਂ ਨੂੰ ਅੰਮ੍ਰਿਤਸਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਸਮਾਗਮ ਨਾ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਯਤਨ ਸੀ, ਸਗੋਂ ਬੀਐਸਐਫ ਅਤੇ ਸਥਾਨਕ ਭਾਈਚਾਰੇ ਵਿਚਕਾਰ ਦੋਸਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਵੀ ਸੀ।