ਡਿਪਟੀ ਸਪੀਕਰ ਵੱਲੋਂ ਅਨੁਪੂਰਕ ਮੰਗਾਂ ਨੂੰ ਪ੍ਰਵਾਨ ਕਰਨ ਦੀ ਸਿਫਾਰਸ਼ ਸਬੰਧੀ ਅਨੁਮਾਨ ਕਮੇਟੀ ਦੀ ਰਿਪੋਰਟ ਕੀਤੀ ਪੇਸ਼
ਡਿਪਟੀ ਸਪੀਕਰ ਵੱਲੋਂ ਅਨੁਪੂਰਕ ਮੰਗਾਂ ਨੂੰ ਪ੍ਰਵਾਨ ਕਰਨ ਦੀ ਸਿਫਾਰਸ਼ ਸਬੰਧੀ ਅਨੁਮਾਨ ਕਮੇਟੀ ਦੀ ਰਿਪੋਰਟ ਕੀਤੀ ਪੇਸ਼
ਚੰਡੀਗੜ੍ਹ, 25 ਮਾਰਚ, 2025
ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਬਤੌਰ ਚੇਅਰਮੈਂਨ ਅਨੁਮਾਨ ਕਮੇਟੀ, ਅਨੁਪੂਰਕ ਮੰਗਾਂ ਦੀ ਪ੍ਰਵਾਨਗੀ ਲਈ ਸਿਫਾਰਸ਼ ਕੀਤੀ ਗਈ।
ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ‘ਤੇ ਹੋਣ ਵਾਲੇ ਖਰਚੇ ਦਾ ਬਜਟ ਪਾਸ ਕੀਤਾ ਜਾਂਦਾ ਹੈ, ਪਰ ਅਸਲ ਵਿੱਚ ਕੰਮ ਕਰਦੇ ਸਮੇਂ ਕਈ ਵਾਰੀ ਇਹ ਖਰਚੇ ਬਜਟ ਵਿੱਚ ਪਾਸ ਕੀਤੇ ਗਏ ਅਨੁਮਾਨਾਂ ਤੋਂ ਵਧ ਜਾਂਦੇ ਹਨ।
ਉਹਨਾਂ ਕਿਹਾ ਕਿ ਲੋਕ ਸੇਵਾ ਦੇ ਨਵੇਂ ਪ੍ਰੋਗਰਾਮ, ਅਦਾਲਤਾਂ ਦੇ ਫੈਸਲੇ ਅਤੇ ਸਰਕਾਰ ਵੱਲੋਂ ਨਵੀਆਂ ਪਾਲਿਸੀਆਂ ਲਾਗੂ ਕਰਨ ਲਈ ਹੋਏ ਖਰਚੇ ਸਬੰਧੀ ਇਹ ਅਨੁਪੂਰਕ ਮੰਗਾਂ ਅੱਜ ਵਿਧਾਨ ਸਭਾ ਦੀ ਪ੍ਰਵਾਨਗੀ ਲਈ ਪੇਸ਼ ਕੀਤੀਆਂ ਗਈਆਂ ਹਨ। ਉਹਨਾਂ ਅੱਗੇ ਕਿਹਾ ਕਿ ਕਮੇਟੀ ਨੇ ਇਨ੍ਹਾਂ ਅਨੁਪੂਰਕ ਮੰਗਾਂ ਨੂੰ ਪ੍ਰਵਾਨ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਸਬੰਧੀ ਰਿਪੋਰਟ ਸਦਨ ਵਿੱਚ ਪੇਸ਼ ਕੀਤੀ ਗਈ ਹੈ।
ਡਿਪਟੀ ਸਪੀਕਰ ਰੋੜੀ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਬਜਟ ਤੋਂ ਜਿਆਦਾ ਖਰਚ ਕਰਨ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਲੋਕ ਸੇਵਾ ਦੇ ਕਾਰਜ ਵਿੱਚ ਲਗਾਤਾਰ ਜੁਟੀ ਹੋਈ ਹੈ।
ਇਜਲਾਸ ਦੌਰਾਨ ਉਹਨਾਂ ਨੇ ਕੁੱਝ ਮੁੱਖ ਮਹੱਤਪੂਰਨ ਮੰਗਾਂ, ਜਿਨ੍ਹਾਂ ਸਬੰਧੀ ਇਹ ਅਨੁਪੂਰਕ ਮੰਗਾਂ ਆਈਆਂ ਹਨ ਸਬੰਧੀ ਦੱਸਿਆ ਕਿ ਇਨ੍ਹਾਂ ਵਿਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਅਧੀਨ ਕਿਸਾਨਾਂ ਨੂੰ ਮਸ਼ੀਨਾਂ ਤੇ ਸਬਸਿਡੀ ਦੇਣੀ, ਗੰਨਾ ਕਿਸਾਨਾਂ ਨੂੰ ਸਬਸਿਡੀ ਦੇਣੀ, 21 ਜਿਲ੍ਹਿਆਂ ਵਿੱਚ 127 ਪੇਂਡੂ ਸੜਕਾਂ ਦੀ ਮੁਰੰਮਤ ਕਰਨੀ ਅਤੇ ਆਧੁਨਿਕ ਬਣਾਉਣਾ, ਗੋਦਾਮਾਂ ਦੇ ਨਵੀਨੀਕਰਨ, ਵੇਰਕਾ ਡੇਅਰੀਆਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸ਼ੂਗਰ ਕੰਪਲੈਕਸ ਸਥਾਪਤ ਕਰਨੇ, ਈ.ਐਸ.ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਦਵਾਈਆਂ ਖਰੀਦਣਾ, ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਨੂੰ ਮਜ਼ਬੂਤ ਅਤੇ ਹਾਈ ਟੈਕ ਕਰਨਾ, ਨਹਿਰਾਂ ਦਾ ਨਵੀਨੀਕਰਨ ਅਤੇ ਮੁਰੰਮਤ ਕਰਨਾ, ਸਮਾਰਟ ਸਿਟੀ ਅਤੇ ਅਮਰੁਤ ਮਿਸ਼ਨ ਲਈ ਸਹਾਇਤਾ, ਲੁਧਿਆਣਾ ਵਿੱਚ ਡਾਇੰਗ ਉਦਯੋਗ ਦੇ ਗੰਦੇ ਪਾਣੀ ਦਾ ਟਰੀਟਮੈਂਟ ਕਰਨਾ ਆਦਿ ਸ਼ਾਮਿਲ ਹਨ।