Hindi
4 (5)

ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ

--ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਬਠਿੰਡਾ, 9 ਅਗਸਤ : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਜ਼ਿਲ੍ਹਾ-ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਆਰ.ਬੀ.ਡੀ.ਏ.ਵੀ. ਸਕੂਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਤਰਕਰੀਬਨ 150 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਤਿਕਾਰਤ ਮਹਿਮਾਨਾਂ ਵਜੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸ਼ਿਵ ਪਾਲ ਗੋਇਲ, ਨਾਮਵਰ ਗੀਤਕਾਰ ਸ਼੍ਰੀ ਜਨਕ ਰਾਜ ਸ਼ਰਮੀਲਾ ਅਤੇ ਪ੍ਰਿੰਸੀਪਲ ਆਰ.ਪੀ.ਸੀ. ਕਾਲਜ ਬਹਿਮਣ ਦੀਵਾਨਾ ਸ. ਜਸਵਿੰਦਰ ਸਿੰਘ ਸੰਧੂ ਸ਼ਾਮਿਲ ਹੋਏ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸੇਧ ਦੇਣ ਵਾਲ਼ੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਸਿਖਰ 'ਤੇ ਲੈ ਜਾਣ ਲਈ ਇਤਿਹਾਸਕ ਕਦਮ ਚੁੱਕੇ ਨੇ ਜੋ ਅੱਗੇ ਵੀ ਜਾਰੀ ਰਹਿਣਗੇ।

 ਇਸ ਦੌਰਾਨ ਸ਼੍ਰੀ ਜਨਕ ਸ਼ਰਮੀਲਾ ਵੱਲੋਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ। ਇਸੇ ਤਰ੍ਹਾਂ ਸ. ਜਸਵਿੰਦਰ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੇ ਮੁਕਾਬਲਿਆਂ ਦੀ ਮਹਤੱਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ਼-ਨਾਲ਼ ਭਾਸ਼ਾ ਵਿਭਾਗ ਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਰੂਹ ਤੋਂ ਸਾਹਿਤ ਨਾਲ਼ ਜੋੜਨਾ ਹੈ। ਇਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਵਿਦਿਆਰਥੀਆਂ ਨੂੰ ਇਹ ਮੰਚ ਪ੍ਰਦਾਨ ਕਰ ਰਿਹਾ ਹੈ।

ਸਾਹਿਤ ਸਿਰਜਣ ਮੁਕਾਬਲਿਆਂ ਦਾ ਮੁਲਾਂਕਣ ਕਰਨ ਲਈ ਉੱਘੇ ਕਵੀ ਅਮਰਜੀਤ ਜੀਤ, ਸਾਹਿਤਕਾਰ ਲਾਭ ਸਿੰਘ ਸੰਧੂ ਅਤੇ ਆਰ. ਪੀ. ਸੀ. ਕਾਲਜ ਬਹਿਮਣ ਦੀਵਾਨਾ ਵਿਖੇ ਸੇਵਾ ਨਿਭਾ ਰਹੇ ਪੰਜਾਬੀ ਦੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਮੋਹਲਾਂ ਮੌਜੂਦ ਸਨ। ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਪ੍ਰੋਫੈਸਰ ਮਨੋਨੀਤ, ਮੁਖੀ ਸੰਗੀਤ ਵਿਭਾਗ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਡਾ. ਪੂਜਾ ਗੋਸਵਾਮੀ, ਮੁਖੀ ਸੰਗੀਤ ਵਿਭਾਗ, ਐੱਸ.ਐੱਸ.ਡੀ. ਗਰਲਜ ਕਾਲਜ ਬਠਿੰਡਾ ਅਤੇ ਡਾ. ਨੀਤੂ ਅਰੋੜਾ, ਨਾਮਵਰ ਸ਼ਾਇਰਾ ਤੇ ਸਹਾਇਕ ਪ੍ਰੋਫੈਸਰ ਪੰਜਾਬੀ, ਯੂਨੀਵਰਸਿਟੀ ਕਾਲਜ ਘੁੱਦਾ ਨੇ ਕੀਤੀ।

ਸਕੂਲ ਦੇ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਨਾਲ਼ ਹੀ ਇਨ੍ਹਾਂ ਮੁਕਾਬਲਿਆਂ ਦੀ ਜੀਵਨ ‘ਚ ਮਹੱਤਤਾ ਬਾਰੇ ਬਾਖੂਬੀ ਦੱਸਿਆ। ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੁਕਾਬਲੇ ਲਈ ਪੋਸਟਰ ਡਿਜ਼ਾਈਨਰ ਗੁਰਨੂਰ ਸਿੰਘ ਨੇ ਤਿਆਰ ਕੀਤਾ। ਮੁਕਾਬਲਿਆਂ ਦੌਰਾਨ ਜ਼ਿਲ੍ਹਾ ਭਾਸ਼ਾ ਵਿਭਾਗ, ਬਠਿੰਡਾ ਤੋਂ ਸ਼੍ਰੀ ਅਨਿਲ ਕੁਮਾਰ, ਸ਼ੁਭਮ ਕੁਮਾਰ ਅਤੇ ਮੇਜ਼ਬਾਨ ਸਕੂਲ ਦਾ ਸਟਾਫ਼ ਹਾਜ਼ਰ ਰਿਹਾ।

ਅੰਤ ਵਿੱਚ ਸਤਿਕਾਰਤ ਮਹਿਮਾਨਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਿਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ  ਰੇਖਾ ਰਾਣੀ ਸਰਕਾਰੀ ਸਕੂਲ ਚੱਕ ਬਖ਼ਤੂ, ਦੂਜਾ ਸਥਾਨ ਹੁਸਨਪ੍ਰੀਤ ਕੌਰ ਸਰਕਾਰੀ ਸਕੂਲ ਕੋਠੇ ਲਾਲ ਸਿੰਘ, ਤੀਜਾ ਸਥਾਨ ਵੀਰਪਾਲ ਕੌਰ ਸਰਕਾਰੀ ਸਕੂਲ ਭੁੱਚੋ ਖੁਰਦ ਨੇ ਪ੍ਰਾਪਤ ਕੀਤਾ ।ਕਹਾਣੀ ਰਚਨਾ ਮੁਕਾਬਲੇ 'ਚ ਪਹਿਲਾ ਸਥਾਨ ਗੁਰਮਨਪ੍ਰੀਤ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ, ਦੂਜਾ ਸਥਾਨ ਰਿਤੂ ਸਰਕਾਰੀ ਕੰਨਿਆ ਸਕੂਲ ਮਹਿਰਾਜ, ਅਤੇ ਤੀਜਾ ਸਥਾਨ ਸਤਵੰਤ ਸਿੰਘ ਬਰਾੜ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਨੇ ਹਾਸਿਲ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ  ਸਰਕਾਰੀ ਸਕੂਲ ਮਹਿਮਾ ਸਰਜਾ, ਦੂਜਾ ਸਥਾਨ ਖੁਸ਼ਮੀਤ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ ਅਤੇ ਤੀਜਾ ਸਥਾਨ ਭਾਵਨਾ ਸਰਕਾਰੀ ਸਕੂਲ ਜੈ ਸਿੰਘ ਵਾਲਾ ਨੇ ਪ੍ਰਾਪਤ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਿੰਸੀ ਆਰ.ਬੀ.ਡੀ.ਏ.ਵੀ. ਸਕੂਲ ਬਠਿੰਡਾ, ਦੂਜਾ ਸਥਾਨ ਸੁਮਨਪ੍ਰੀਤ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ  ਅਤੇ ਤੀਜਾ ਸਥਾਨ ਸਰਕਾਰੀ ਸਕੂਲ ਜਿਉਂਦਾ ਨੇ ਪ੍ਰਾਪਤ ਕੀਤਾ।

 

Comment As:

Comment (0)